- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰਪੁਰਬੇਦੀ ’ਚ ਰਾਮਲੀਲਾ ਦੀ ਅੰਤਿਮ ਨਾਈਟ ਦਾ ਰਣਜੀਤ ਸਿੰਘ ਜੀਤੀ ਮੁਕਾਰੀ ਅਤੇ ਹਰਦਿਆਲ ਸਿੰਘ ਖਟੜਾ ਨੇ ਕੀਤਾ ਉਦਘਾਟਨ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਅੰਤਿਮ ਨਾਈਟ ਦਾ ਉਦਘਾਟਨ ਸਾਬਕਾ ਸਰਪੰਚ ਰਣਜੀਤ ਸਿੰਘ ਜੀਤੀ ਮੁਕਾਰੀ ਅਤੇ ਕਾਂਗਰਸੀ ਆਗੂ ਹਰਦਿਆਲ ਸਿੰਘ ਖਟੜਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਮਲੀਲਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ, ਜੋ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਅਤੇ ਸੱਚਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਸਮਾਜ ’ਚ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਰਾਮਲੀਲਾ ਕਮੇਟੀ ਵੱਲੋਂ ਧਾਰਮਿਕ ਪਰੰਪਰਾਵਾਂ ਨੂੰ ਜਿਊਂਦਾ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਰਾਮਲੀਲਾ ਦੀ ਅੰਤਿਮ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਇਸ ਦੌਰਾਨ ਅੰਗਦ ਸੰਵਾਦ, ਲਕਸ਼ਮਣ ਮੂਰਛਾ ਅਤੇ ਰਾਵਣ, ਕੁੰਭਕਰਨ ’ਤੇ ਮੇਘਨਾਥ ਦੇ ਵਧ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਕਲਾਕਾਰਾਂ ਨੇ ਆਪਣੇ ਦਮਦਾਰ ਅਭਿਨੈ ਅਤੇ ਪ੍ਰਭਾਵਸ਼ਾਲੀ ਸੰਵਾਦਾਂ ਰਾਹੀਂ ਪਾਤਰਾਂ ਨੂੰ ਜੀਵੰਤ ਕਰ ਦਿੱਤਾ, ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਰਾਜੇਸ਼ ਸ਼ਰਮਾ ਨੇ ਸ਼੍ਰੀ ਰਾਮ, ਡਾਕਟਰ ਉਕਾਂਰੇਸ਼ਵਰ ਸ਼ਰਮਾ ਨੇ ਲਕਸ਼ਮਣ, ਦਿਨੇਸ਼ ਕੁਮਾਰ ਨੇ ਸੁਗਰੀਵ, ਮੁਕੇਸ਼ ਭੰਡਾਰੀ ਨੇ ਰਾਵਣ, ਸੂਰਜ ਸ਼ਰਮਾ ਨੇ ਮੇਘਨਾਥ, ਦਿਨੇਸ਼ ਕੁਮਾਰ ਜੋਲੀ ਨੇ ਭਰਤ, ਸ਼ਿਵ ਕੁਮਾਰ ਕੁੰਦਰਾ ਨੇ ਹਨੂੰਮਾਨ, ਸੰਜੀਵ ਭੰਡਾਰੀ ਨੇ ਅੰਗਦ ਅਤੇ ਸੋਨੂੰ ਦੀਵਾਨ ਨੇ ਕੁੰਭਕਰਨ ਦੀ ਭੂਮਿਕਾ ਨਿਭਾਈ । ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਨਰਿੰਦਰ ਬੱਗਾ, ਬੀਰੂ ਸ਼ਰਮਾ, ਸੂਰਜ ਸ਼ਰਮਾ, ਦਿਨੇਸ਼ ਹੱਲਣ, ਪਿੰਟੂ ਕਪੂਰ, ਮਿੰਟੂ, ਅਭੀ ਹੱਲਣ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।