ਬਿਜਲੀ ਕਾਮੇ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਬਿਜਲੀ ਕਾਮੇ ਆਪਣੀਆਂ ਮੰਗਾਂ ਲਈ ਪੰਜਾਬ ਸਰਕਾਰ ਵਿਰੁੱਧ ਦੋ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ
Publish Date: Wed, 21 Oct 2026 04:01 PM (IST)
Updated Date: Wed, 21 Oct 2026 04:03 PM (IST)
ਕੱਢੀ ਰੋਹ ਭਰਪੂਰ ਗੇਟ ਰੈਲੀ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਅਤੇ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੱਦੇ ’ਤੇ ਬਿਜਲੀ ਕਾਮਿਆਂ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਲਈ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਂਝੇ ਤੌਰ ’ਤੇ ਗੇਟ ਰੈਲੀ ਕਰਕੇ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਮੁਲਾਜ਼ਮ ਆਗੂਆਂ ਨੇ 15 ਜਨਵਰੀ 2015 ਅਤੇ 17 ਜੁਲਾਈ 2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦੇਣ ਅਤੇ ਬਕਾਇਆ 10 ਫੀਸਦੀ ਮਹਿੰਗਾਈ ਭੱਤਾ ਏਰੀਅਰ ਸਮੇਤ ਜਾਰੀ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗਾਂ ਅਧੀਨ ਲਿਆ ਕੇ ਪੱਕਾ ਕਰਨ, ਪਾਵਰਕੌਮ ਵਿੱਚ ਆਰ.ਟੀ.ਐਮ. ਤੋਂ ਪ੍ਰਮੋਟ ਹੋਏ ਮੁਲਾਜ਼ਮਾਂ ਨੂੰ 35400 ਰੁਪਏ ਦਾ ਤਨਖਾਹ ਸਕੇਲ ਦੇਣ ਅਤੇ ਪੈਨਸ਼ਨਰਾਂ ਲਈ 2.59 ਦੇ ਫਾਰਮੂਲੇ ਨੂੰ ਲਾਗੂ ਕਰਨ ਦੀ ਮੰਗ ਵੀ ਉਠਾਈ ਗਈ। ਬੁਲਾਰਿਆਂ ਨੇ ਅੱਠ ਘੰਟਿਆਂ ਦੀ ਕੰਮ ਦਿਹਾੜੀ ਨੂੰ 12 ਘੰਟੇ ਕਰਨ ਸਬੰਧੀ ਨੋਟੀਫਿਕੇਸ਼ਨ ਰੱਦ ਕਰਨ ਅਤੇ ਚਾਰ ਨਵੇਂ ਲੇਬਰ ਕੋਡ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਰੈਲੀ ਦੀ ਪ੍ਰਧਾਨਗੀ ਹਿੰਮਤ ਸਿੰਘ ਅਤੇ ਹਰਪਾਲ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਤਰਸੇਮ ਲਾਲ, ਦੇਸ ਰਾਜ ਘਈ, ਜਸਵਿੰਦਰ ਸਿੰਘ ਔਲਖ, ਸਰਬਜੀਤ ਸਿੰਘ ਬੇਲਾ, ਰਾਮਪਾਲ, ਤਿਲਕਰਾਜ, ਮਨੋਜ ਕੁਮਾਰ, ਕੁਲਵੰਤ ਸਿੰਘ, ਹਰਭਜਨ ਸਿੰਘ ਅਤੇ ਜਰਨੈਲ ਸਿੰਘ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।