ਰਾਮਲੀਲਾ ਰਾਹੀਂ ਧਾਰਮਿਕ ਵਿਰਾਸਤ ਨਾਲ ਜੁੜਨ ਦਾ ਮਿਲਦੈ ਮੌਕਾ : ਗੌਰਵ ਰਾਣਾ ਨੂਰਪੁਰਬੇਦੀ ’ਚ ਰਾਮਲੀਲਾ ਦੀ ਦਸਵੀਂ ਨਾਈਟ ਦਾ ਗੌਰਵ ਰਾਣਾ ਨੇ ਕੀਤਾ ਉਦਘਾਟਨ
Publish Date: Tue, 20 Oct 2026 05:06 PM (IST)
Updated Date: Tue, 20 Oct 2026 05:06 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਦਸਵੀਂ ਨਾਈਟ ਦਾ ਉਦਘਾਟਨ ਪੰਜਾਬ ਸਾਂਝੀਵਾਲਤਾ ਦਲ ਦੇ ਹਲਕਾ ਰੋਪੜ ਤੋਂ ਉਮੀਦਵਾਰ ਗੌਰਵ ਰਾਣਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਮਲੀਲਾ ਭਾਰਤੀ ਧਰਮ, ਸੱਭਿਆਚਾਰ ਅਤੇ ਪਰੰਪਰਾਵਾਂ ਦੀ ਅਮੀਰ ਵਿਰਾਸਤ ਨੂੰ ਦਰਸਾਉਣ ਵਾਲਾ ਮਹੱਤਵਪੂਰਨ ਮੰਚ ਹੈ। ਇਸ ਰਾਹੀਂ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ, ਸੱਚਾਈ, ਧਰਮ ਅਤੇ ਮਰਿਆਦਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸਮਾਜ ’ਚ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਸਦਭਾਵਨਾ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਰਾਮਾਇਣ ਦੇ ਪ੍ਰਸੰਗ ਮਨੁੱਖ ਨੂੰ ਸਹੀ ਰਸਤੇ ’ਤੇ ਚੱਲਣ ਅਤੇ ਬੁਰਾਈ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਰਾਮਲੀਲਾ ਕਮੇਟੀ ਵੱਲੋਂ ਧਾਰਮਿਕ ਪਰੰਪਰਾਵਾਂ ਨੂੰ ਜਿਊਂਦਾ ਰੱਖਣ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨਾਂ ’ਚ ਲੋਕਾਂ ਦੀ ਸ਼ਮੂਲੀਅਤ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ’ਚ ਸਹਾਈ ਹੁੰਦੀ ਹੈ। ਰਾਮਲੀਲਾ ਦੀ ਦਸਵੀਂ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਰਾਮਾਇਣ ਦੇ ਕਈ ਮਹੱਤਵਪੂਰਨ ਪ੍ਰਸੰਗਾਂ ਦਾ ਸਫਲ ਮੰਚਨ ਕੀਤਾ ਗਿਆ। ਇਸ ਦਿਨ ਹਨੂੰਮਾਨ ਜੀ ਅਤੇ ਰਾਵਣ ਵਿਚਕਾਰ ਹੋਏ ਸੰਵਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਹਨੂੰਮਾਨ ਜੀ ਵੱਲੋਂ ਲੰਕਾ ਜਲਾਉਣ ਦੇ ਦ੍ਰਿਸ਼ ਨੇ ਦਰਸ਼ਕਾਂ ’ਚ ਖ਼ਾਸ ਉਤਸ਼ਾਹ ਪੈਦਾ ਕੀਤਾ। ਇਸੇ ਤਰ੍ਹਾਂ ਵਿਭੀਸ਼ਣ ਨੂੰ ਲੰਕਾ ’ਚੋਂ ਬਾਹਰ ਕੱਢਣ ਦੇ ਪ੍ਰਸੰਗ ਦਾ ਵੀ ਸਫਲ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੇ ਦਮਦਾਰ ਅਭਿਨੈ, ਪ੍ਰਭਾਵਸ਼ਾਲੀ ਸੰਵਾਦਾਂ ਅਤੇ ਸ਼ਾਨਦਾਰ ਪੇਸ਼ਕਾਰੀ ਰਾਹੀਂ ਇਨ੍ਹਾਂ ਦ੍ਰਿਸ਼ਾਂ ਨੂੰ ਜੀਵੰਤ ਕਰ ਦਿੱਤਾ। ਸਮਾਗਮ ਦੌਰਾਨ ਹਾਜ਼ਰ ਦਰਸ਼ਕਾਂ ਨੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ। ਦਸਵੀਂ ਨਾਈਟ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਸ਼੍ਰੀ ਰਾਮ, ਡਾਕਟਰ ਉਕਾਂਰੇਸ਼ਵਰ ਸ਼ਰਮਾ ਨੇ ਲਕਸ਼ਮਣ, ਦਿਨੇਸ਼ ਕੁਮਾਰ ਨੇ ਸੁਖਬੀਰ, ਸੂਰਜ ਸ਼ਰਮਾ ਨੇ ਮੇਘਨਾਥ, ਦਿਨੇਸ਼ ਕੁਮਾਰ ਜੋਲੀ ਨੇ ਮੰਦੋਦਰੀ, ਸ਼ਿਵ ਕੁਮਾਰ ਕੁੰਦਰਾ ਨੇ ਹਨੂੰਮਾਨ, ਸੋਨੂੰ ਦੀਵਾਨ ਨੇ ਕੁੰਭਕਰਨ, ਸਮਰ ਵਸਿਸ਼ਟ ਨੇ ਅੰਗਦ ਅਤੇ ਕੁਮਾਰ ਵਿਸ਼ਵਾਸ ਨੇ ਤ੍ਰਿਜਟਾ ਦੀ ਭੂਮਿਕਾ ਅਦਾ ਕੀਤੀ। ਕਲਾਕਾਰਾਂ ਨੇ ਆਪਣੇ ਅਭਿਨੈ ਰਾਹੀਂ ਪਾਤਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਇਸ ਉਪਰੰਤ ਰਾਮਲੀਲਾ ਕਮੇਟੀ ਵੱਲੋਂ ਮੁੱਖ ਮਹਿਮਾਨ ਗੌਰਵ ਰਾਣਾ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਡਾ. ਸੰਜੀਵ ਕੁਮਾਰ, ਬਲਵੀਰ ਖਾਨ, ਹਰਪ੍ਰੀਤ ਕਾਲਾ, ਬਲਵਿੰਦਰ ਧਾਂਦਲੀ, ਨਰਿੰਦਰ ਬੱਗਾ, ਬੀਰੂ ਸ਼ਰਮਾ, ਸੂਰਜ ਸ਼ਰਮਾ, ਦਿਨੇਸ਼ ਹੱਲਣ, ਪਿੰਟੂ ਕਪੂਰ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।