ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ ਦਾ ਅਨਿੱਖੜਵਾਂ ਅੰਗ: ਹਰਜੋਤ ਬੈਂਸ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਵਾਹਰ ਮਾਰਕੀਟ ਦੇ ਸ੍ਰੀ ਨਵ ਦੁਰਗਾ ਸੇਵਾ ਸਮਿਤੀ ਵੱਲੋਂ ਕਰਵਾਏ ਜਾਗਰਣ ਵਿੱਚ ਕੀਤੀ ਸ਼ਿਰਕਤ
Publish Date: Mon, 19 Oct 2026 07:26 PM (IST)
Updated Date: Mon, 19 Oct 2026 07:27 PM (IST)
ਹਰਜੋਤ ਬੈਂਸ ਨੇ ਸ੍ਰੀ ਨਵ ਦੁਰਗਾ ਸੇਵਾ ਸਮਿਤੀ ਵੱਲੋਂ ਕਰਵਾਏ ਜਾਗਰਣ ’ਚ ਕੀਤੀ ਸ਼ਿਰਕਤ ਪੰਜਾਬੀ ਜਾਗਰਣ ਟੀਮ, ਨੰਗਲ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਵਾਹਰ ਮਾਰਕੀਟ ਨੰਗਲ ਵਿਖੇ ਸ੍ਰੀ ਨਵ ਦੁਰਗਾ ਸੇਵਾ ਸਮਿਤੀ ਵੱਲੋਂ ਕਰਵਾਏ ਗਏ ਧਾਰਮਿਕ ਜਾਗਰਣ ’ਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਾਤਾ ਰਾਣੀ ਦੇ ਦਰਬਾਰ ’ਚ ਹਾਜ਼ਰੀ ਭਰ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਾਗਰਣ ਦੌਰਾਨ ਸੰਗਤ ’ਚ ਭਾਰੀ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ। ਸਮਾਗਮ ’ਚ ਪਹੁੰਚਣ ’ਤੇ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵੱਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਸਮਾਜਿਕ ਸਾਂਝ ਦਾ ਅਨਿੱਖੜਵਾਂ ਹਿੱਸਾ ਹਨ। ਅਜਿਹੇ ਸਮਾਗਮ ਲੋਕਾਂ ਨੂੰ ਧਰਮ ਅਤੇ ਅਧਿਆਤਮਿਕਤਾ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰੇ, ਪ੍ਰੇਮ ਅਤੇ ਸਦਭਾਵਨਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਸੰਤਾਂ, ਮਹਾਂਪੁਰਖਾਂ ਅਤੇ ਗੁਰੂਆਂ ਦੀ ਧਰਤੀ ਹੈ, ਜਿੱਥੇ ਹਮੇਸ਼ਾ ਆਪਸੀ ਪਿਆਰ ਅਤੇ ਮਿਲਵਰਤਣ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਗਰਣ ਵਰਗੇ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋ ਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਸਮਾਜ ’ਚ ਸਕਾਰਾਤਮਕ ਸੋਚ ਨੂੰ ਉਤਸ਼ਾਹ ਮਿਲਦਾ ਹੈ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਧਰਮ, ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸਮਿਤੀ ਵੱਲੋਂ ਧਾਰਮਿਕ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਲਵਲੀ ਆਂਗਰਾ ਕੌਂਸਲਰ, ਕੁਲਦੀਪ ਸੱਗੀ, ਸੁਨੀਲ ਜੋਸ਼ੀ, ਪਿੰਕੂ ਜੈਨ, ਪਵਨ ਜੋਸ਼ੀ, ਵਿਜੇ ਕਪਲਾ, ਅਨਮੋਲ ਕਪਲਾ,ਰੇਸ਼ਵ ਉੱਪਲ, ਅਨਮੋਲ ਸਿਕਰੀ, ਕਾਰਤਿਕ ਆਂਗਰਾ, ਵੰਸ਼ ਸਿਕਰੀ, ਰਿਤਿਕ ਸ਼ਰਮਾ, ਅੰਸ਼, ਸੌਰਵ ਸ਼ਰਮਾ, ਅਗਮ ਗੁਲਾਟੀ, ਅੰਕਿਤ ਖੰਨਾ ਅਤੇ ਕ੍ਰਿਤਕ ਸੱਗੀ ਸਮੇਤ ਹੋਰ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ।