4 ਰੋਜ਼ਾ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਖਾਲਸਾ ਕਾਲਜ ਵਿਖੇ ਚਾਰ ਰੋਜ਼ਾ ਯੁਵਕ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ
Publish Date: Mon, 19 Oct 2026 06:41 PM (IST)
Updated Date: Mon, 19 Oct 2026 06:42 PM (IST)
ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੇ ਜਿੱਤੀ ਓਵਰਆਲ ਟਰਾਫੀ, ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੂਜੇ ਅਤੇ ਸਰਕਾਰੀ ਕਾਲਜ ਰੋਪੜ ਤੀਜੇ ਸਥਾਨ ’ਤੇ ਰਿਹਾ ਪੰਜਾਬੀ ਜਾਗਰਣ ਟੀਮ, ਸ੍ਰੀ ਆਨੰਦਪੁਰ ਸਾਹਿਬ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ ਰੋਪੜ-ਫਤਹਿਗੜ੍ਹ ਸਾਹਿਬ ਜ਼ੋਨ ਦਾ ਚਾਰ ਰੋਜ਼ਾ ਯੁਵਕ ਤੇ ਲੋਕ ਮੇਲਾ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। 16 ਤੋਂ 19 ਅਕਤੂਬਰ ਤੱਕ ਚੱਲੇ ਇਸ ਮੇਲੇ ’ਚ 67 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਅਤੇ ਕਲਾਤਮਕ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਰੋਹ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਸਿੱਖਿਆ ਮੰਤਰੀ ਅਤੇ ਕਾਲਜ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦਿਆਂ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਨੌਜਵਾਨਾਂ ਦੀਆਂ ਕਲਾਤਮਕ ਰੁਚੀਆਂ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ, ਮਾਂ-ਬੋਲੀ ਤੇ ਸੱਭਿਆਚਾਰ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਮੰਚ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਭਾਵਨਾ ਪੈਦਾ ਕਰਦੇ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਸੇਵਾਮੁਕਤ ਡੀਆਈਜੀ ਦਲਜੀਤ ਰਾਣਾ ਨੇ ਵੀ ਸ਼ਿਰਕਤ ਕੀਤੀ। ਗੁਰਮੀਤ ਸਿੰਘ ਬੂਹ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਧਰਮ, ਵਿਰਸੇ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਦੇ ਹਨ। ਦਲਜੀਤ ਰਾਣਾ ਨੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕਰਦਿਆਂ ਮੇਲੇ ਦੀ ਸਫ਼ਲਤਾ ਲਈ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਕਾਲਜ ਮੈਨੇਜਮੈਂਟ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਡੀਨ ਸੱਭਿਆਚਾਰਕ ਮਾਮਲੇ ਡਾ. ਜੇ.ਪੀ. ਸਿੰਘ ਨੇ ਵੀ ਸਹਿਯੋਗੀਆਂ ਦੀ ਸ਼ਲਾਘਾ ਕੀਤੀ। ਮੇਲੇ ਦੌਰਾਨ ਨਾਚ, ਸੰਗੀਤ, ਥੀਏਟਰ, ਸਾਹਿਤਕ ਕਲਾਵਾਂ ਅਤੇ ਲੋਕ-ਕਲਾਵਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਵੱਖ-ਵੱਖ ਸਟੇਜਾਂ ’ਤੇ ਡਾ. ਜੇ.ਪੀ. ਸਿੰਘ, ਪ੍ਰੋ. ਦਿਲਸ਼ੇਰਬੀਰ ਸਿੰਘ ਅਤੇ ਡਾ. ਰਵਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ। ਖਾਲਸਾ ਕਾਲਜ ਨੇ ਜਿੱਤੀ ਓਵਰਆਲ ਟਰਾਫੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੇ ਸ਼ਬਦ ਗਾਇਨ, ਭੰਗੜਾ, ਗਿੱਧਾ, ਨਾਟਕ, ਮਿਮਿਕਰੀ, ਸਕਿੱਟ, ਸੰਗੀਤ, ਜਨਰਲ ਕੁਇਜ਼ ਅਤੇ ਵੱਖ-ਵੱਖ ਲੋਕ-ਕਲਾਵਾਂ ਸਮੇਤ ਕਈ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਟਰਾਫੀ ਆਪਣੇ ਨਾਂ ਕੀਤੀ। ਕਾਲਜ ਨੇ ਥੀਏਟਰ, ਸੰਗੀਤ, ਸਾਹਿਤਕ ਕਲਾਵਾਂ, ਨਾਚ ਅਤੇ ਲੋਕ-ਕਲਾਵਾਂ ’ਚ ਵੀ ਓਵਰਆਲ ਟਰਾਫੀਆਂ ਜਿੱਤੀਆਂ। ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਦੂਜੇ ਅਤੇ ਸਰਕਾਰੀ ਕਾਲਜ, ਰੋਪੜ ਤੀਜੇ ਸਥਾਨ ’ਤੇ ਰਿਹਾ।