ਪ੍ਰਵਾਸੀਆਂ ਨਾਲ ਤਕਰਾਰ ਨੇ ਧਾਰਿਆ ਖੂਨੀ ਰੂਪ, 2 ਜਖ਼ਮੀ ਸਵੇਰੇ ਤੜਕੇ ਸਬਜ਼ੀ ਮੰਡੀ ਵਿੱਚ ਪ੍ਰਵਾਸੀਆਂ ਨਾਲ ਤਕਰਾਰ ਨੇ ਲੈ ਲਿਆ ਖੂਨੀ ਰੂਪ
Publish Date: Mon, 19 Oct 2026 05:54 PM (IST)
Updated Date: Mon, 19 Oct 2026 05:54 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਅੱਜ ਸਵੇਰੇ ਤੜਕੇ ਸ੍ਰੀ ਕੀਰਤਪੁਰ ਸਾਹਿਬ ਸਬਜੀ ਮੰਡੀ ਵਿਖੇ ਮਾਮੂਲੀ ਤਕਰਾਰ ਨੇ ਭਿਆਨਕ ਖੂਨੀ ਰੂਪ ਅਖਤਿਆਰ ਕਰ ਲਿਆ, ਜਿਸ ’ਚ ਦੋ ਪ੍ਰਵਾਸੀ ਭਰਾ ਗੰਭੀਰ ਰੂਪ ’ਚ ਜਖਮੀ ਹੋ ਗਏ ਹਨ, ਜਿਨਾਂ ਵਿੱਚੋਂ ਇੱਕ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਅਤੇ ਦੂਜਾ ਭਾਈ ਜੈਤਾ ਜੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਜੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 5 ਵਜੇ ਇੱਕ ਪ੍ਰਵਾਸੀ ਜੋ ਹੀ ਕਪੂਰ ਵੈਜੀਟੇਬਲ ਐਂਡ ਫਰੂਟਸ ਤੇ ਕੰਮ ਕਰਦਾ ਹੈ। ਸਾਹਮਣੇ ਚਾਹ ਵਾਲੀ ਰੇੜੀ ’ਤੇ ਚਾਹ ਪੀਣ ਗਿਆ ਅਤੇ ਉਸ ਦੀ ਚਾਹ ਵਾਲੇ ਨਾਲ ਕੋਈ ਗੱਲ ਤੇ ਤਕਰਾਰ ਹੋ ਗਈ। ਇਸ ਤੋਂ ਬਾਅਦ ਸਬੰਧਤ ਪ੍ਰਵਾਸੀ ਚਾਹ ਵਾਲੀ ਰੇਹੜੀ ਦੇ ਬਾਹਰ ਉੱਚੀ-ਉੱਚੀ ਬੋਲਣ ਲੱਗਾ ਅਤੇ ਪੰਜਾਬੀਆਂ ਨੂੰ ਚੰਗਾ ਮਾੜਾ ਕਹਿਣ ਲੱਗਾ। ਇਸ ਦੌਰਾਨ ਨੂਰਪੁਰ ਬੇਦੀ ਸਾਈਡ ਤੋਂ ਆਪਣਾ ਕਿਨੂੰ ਵੇਚਣ ਆਏ ਦੋ ਪੰਜਾਬੀ ਨੌਜਵਾਨਾਂ ਨਾਲ ਤਕਰਾਰ ਹੋ ਗਈ। ਇਸ ਦੌਰਾਨ ਉਸ ਪ੍ਰਵਾਸੀ ਦਾ ਭਰਾ ਜੋ ਕਿ ਨਾਲ ਹੀ ਮੰਡੀ ’ਚ ਕੰਮ ਕਰਦਾ ਹੈ, ਉਹ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਇਹ ਤਕਰਾਰ ਖੂਨੀ ਝੜਪ ’ਚ ਬਦਲ ਗਈ। ਇਸ ਦੌਰਾਨ ਦੋਵੇਂ ਪੰਜਾਬੀ ਨੌਜਵਾਨਾਂ ਨੇ ਪ੍ਰਵਾਸੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਦੋਵੇਂ ਪ੍ਰਵਾਸੀ ਭਰਾ ਮੁੰਨਾ ਅਤੇ ਸੁਧੀਰ ਗੰਭੀਰ ਰੂਪ ’ਚ ਜਖਮੀ ਹੋ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਦੋਵੇਂ ਨੌਜਵਾਨਾਂ ਵਿੱਚੋਂ ਇੱਕ ਨੂੰ ਕਾਬੂ ਕਰਕੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਜਖ਼ਮੀਆਂ ਨੂੰ ਇਲਾਜ ਲਈ ਸ੍ਰੀ ਆਨੰਦਪੁਰ ਸਾਹਿਬ ਹਸਪਤਾਲ ਭੇਜ ਦਿੱਤਾ, ਜਿੱਥੇ ਡਾਕਟਰਾਂ ਵੱਲੋਂ ਮੁਢਲੇ ਉਪਚਾਰ ਤੋਂ ਬਾਅਦ ਇਕ ਪ੍ਰਵਾਸੀ ਨੂੰ ਪੀਜੀਆਈ ਰੈਫਰ ਕੀਤਾ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਜਖਮੀ ਵਿਅਕਤੀਆਂ ਦੇ ਹਸਪਤਾਲ ਜਾ ਕੇ ਬਿਆਨ ਦਰਜ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਬਜ਼ੀ ਮੰਡੀ ਦੇ ਪ੍ਰਧਾਨ ਨੇ ਜਤਾਈ ਚਿੰਤਾ ਇਸ ਸਬੰਧੀ ਸ਼੍ਰੀ ਕੀਰਤਪੁਰ ਸਾਹਿਬ ਸਬਜੀ ਮੰਡੀ ਦੇ ਪ੍ਰਧਾਨ ਭਾਗ ਸਿੰਘ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ ਉਨ੍ਹਾਂ ਕਿਹਾ ਕਿ ਮੁੱਖ ਮਾਰਗ ’ਤੇ ਸਬਜੀ ਮੰਡੀ ਹੋਣ ਕਾਰਨ ਇਥੇ ਤਰਾਂ ਤਰਾਂ ਦੇ ਨਸ਼ੇੜੀ ਵਿਅਕਤੀ ਘੁੰਮਦੇ ਹਨ ਅਤੇ ਹਰ ਸਮੇਂ ਲੜਾਈ ਦਾ ਖਤਰਾ ਰਹਿੰਦਾ ਹੈ, ਉਨ੍ਹਾਂ ਕਿਹਾ ਕਿ ਹਰ ਇੱਕ ਸਬਜ਼ੀ ਮੰਡੀ ਆੜਤੀ ਅਤੇ ਸਬਜੀ ਵੇਚਣ ਆਏ ਵਿਅਕਤੀਆਂ ਕੋਲ ਨਗਦ ਪੈਸਾ ਹੁੰਦਾ ਹੈ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਇਸ ਲਈ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਵੇਰੇ ਮੰਡੀ ਟਾਈਮ 2 ਪੱਕੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਇਸ ਮੌਕੇ ਆੜਤੀ ਅਮਿਤ ਕਪੂਰ, ਆੜਤੀ ਸੋਹਣ ਸਿੰਘ, ਆੜਤੀ ਚਮਨ ਲਾਲ, ਆੜਤੀ ਓਮ ਪ੍ਰਕਾਸ਼, ਆੜਤੀ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਭਾਗ ਸਿੰਘ ਅਤੇ ਆੜਤੀ ਪ੍ਰਿੰਸ ਸੋਨੂ ਸਮੇਤ ਵੱਡੀ ਗਿਣਤੀ ’ਚ ਸਬਜੀ ਵਿਕਰੇਤਾ ਹਾਜ਼ਰ ਸਨ।