ਸਤਲੁਜ ਹੋਟਲ ’ਤੇ ਪੱਥਰ ਮਾਰ ਕੇ ਤੋੜੇ ਸ਼ੀਸ਼ੇ, ਨੌਜਵਾਨ ਦੀ ਤਸਵੀਰ ਸੀਸੀਟੀਵੀ ਕੈਮਰੇ ’ਚ ਕੈਦ ਸਤਲੁਜ ਹੋਟਲ ’ਤੇ ਪੱਥਰ ਮਾਰ ਕੇ ਤੋੜੇ ਸ਼ੀਸ਼ੇ
Publish Date: Mon, 19 Oct 2026 05:48 PM (IST)
Updated Date: Mon, 19 Oct 2026 05:51 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਲੋਦੀਪੁਰ ਫਾਟਕਾਂ ਨੇੜੇ ਸਥਿਤ ਸਤਲੁਜ ਹੋਟਲ ਦੇ ਬਾਹਰ ਬੀਤੀ ਰਾਤ ਇੱਕ ਅਣਪਛਾਤੇ ਨੌਜਵਾਨ ਵੱਲੋਂ ਪੱਥਰ ਮਾਰ ਕੇ ਸ਼ੀਸ਼ੇ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦੀ ਤਸਵੀਰ ਹੋਟਲ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਟਲ ਮਾਲਕ ਸੁਖਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਉਹ ਬੀਤੀ ਰਾਤ ਤਕਰੀਬਨ 10 ਵਜੇ ਹੋਟਲ ਤੋਂ ਆਪਣੇ ਘਰ ਚਲੇ ਗਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਇੱਕ ਅਣਪਛਾਤੇ ਨੌਜਵਾਨ ਨੇ ਹੋਟਲ ਦੇ ਬਾਹਰ ਲੱਗੇ ਸ਼ੀਸ਼ਿਆਂ ’ਤੇ ਪੱਥਰ ਮਾਰ ਕੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਹੋਟਲ ਪਹੁੰਚੇ ਅਤੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਫੁਟੇਜ ’ਚ ਇੱਕ ਨੌਜਵਾਨ ਪੱਥਰ ਮਾਰ ਕੇ ਸ਼ੀਸ਼ੇ ਤੋੜਦਾ ਦਿਖਾਈ ਦੇ ਰਿਹਾ ਹੈ। ਸੁਖਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਜਾਂ ਲੜਾਈ ਨਹੀਂ ਹੈ। ਇਸ ਦੇ ਬਾਵਜੂਦ ਨੌਜਵਾਨ ਵੱਲੋਂ ਅਜਿਹੀ ਹਰਕਤ ਕਿਉਂ ਕੀਤੀ ਗਈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਨੇੜਲੀ ਪੁਲਿਸ ਚੌਕੀ ਨੂੰ ਦਿੱਤੀ। ਜਲਦ ਕਾਰਵਾਈ ਕੀਤੀ ਜਾਵੇਗੀ : ਜਾਂਚ ਅਧਿਕਾਰੀ ਮਾਮਲੇ ਸਬੰਧੀ ਤਫ਼ਤੀਸ਼ੀ ਅਧਿਕਾਰੀ ਏਐੱਸਆਈ ਜੁਝਾਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ’ਚ ਇੱਕ ਨੌਜਵਾਨ ਪੱਥਰ ਮਾਰ ਕੇ ਸ਼ੀਸ਼ਾ ਤੋੜਦਾ ਦਿਖਾਈ ਦੇ ਰਿਹਾ ਹੈ। ਨੌਜਵਾਨ ਨੇ ਆਪਣੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਹੈ, ਜਿਸ ਕਾਰਨ ਉਸ ਦਾ ਚਿਹਰਾ ਸਪੱਸ਼ਟ ਦਿਖਾਈ ਨਹੀਂ ਦੇ ਰਿਹਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨੌਜਵਾਨ ਦੀ ਪਛਾਣ ਕਰਕੇ ਉਸ ਨੂੰ ਕਾਬੂ ਕਰਨ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਯਤਨ ਕੀਤੇ ਜਾ ਰਹੇ ਹਨ।