ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ’ਚ ਲਾਇਆ ਧਰਨਾ ਸਿੱਖਿਆ ਮੰਤਰੀ ਦੇ ਪਿੰਡ ਲੱਗਾ ਪੱਕਾ ਧਰਨਾ
Publish Date: Mon, 19 Oct 2026 05:12 PM (IST)
Updated Date: Mon, 19 Oct 2026 05:15 PM (IST)
4161 ਮਾਸਟਰ ਕਾਡਰ ਭਰਤੀ ਮਾਮਲੇ ’ਚ ਕਰ ਰਹੇ ਇਨਸਾਫ਼ ਦੀ ਉਡੀਕ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : 4161 ਮਾਸਟਰ ਕਾਡਰ ਭਰਤੀ ਤਹਿਤ ਨਿਯੁਕਤ 253 ਅਧਿਆਪਕਾਂ ਨੂੰ ਸੇਵਾਵਾਂ ਖ਼ਤਮ ਕਰਨ ਸਬੰਧੀ ਜਾਰੀ ਕੀਤੇ ਕਾਰਨ ਦੱਸੋ ਨੋਟਿਸਾਂ ਦਾ ਮਾਮਲਾ ਸਾਢੇ ਪੰਜ ਮਹੀਨੇ ਬੀਤਣ ਦੇ ਬਾਵਜੂਦ ਹੱਲ ਨਾ ਹੋਣ ਕਾਰਨ ਪੀੜਤ ਅਧਿਆਪਕਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਗੰਭੀਰਪੁਰ ਵਿਖੇ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਅਧਿਆਪਕਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ। ਧਰਨੇ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਦਸੰਬਰ 2021 ’ਚ ਕਾਂਗਰਸ ਸਰਕਾਰ ਸਮੇਂ ਵੱਖ-ਵੱਖ ਵਿਸ਼ਿਆਂ ਦੀਆਂ 4161 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਅਗਸਤ 2022 ’ਚ ਹੋਈ ਪ੍ਰੀਖਿਆ ਦਾ ਨਤੀਜਾ ਦਸੰਬਰ 2022 ’ਚ ਜਾਰੀ ਕੀਤਾ ਗਿਆ। ਉਨ੍ਹਾਂ ਅਨੁਸਾਰ ਨਾਈਲੈਟ ਕੰਪਨੀ ਵੱਲੋਂ ਤਿਆਰ ਕੀਤੀ ਉੱਤਰ ਕੁੰਜੀ ’ਚ ਕਈ ਤਰੁੱਟੀਆਂ ਸਨ, ਜਿਸ ਕਾਰਨ ਮਾਮਲਾ ਹਾਈ ਕੋਰਟ ’ਚ ਪਹੁੰਚਿਆ। ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਮੇਤ ਹੋਰ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਨੇ ਉੱਤਰ ਕੁੰਜੀ ’ਚ ਸੋਧ ਕੀਤੀ। ਇਸ ਤੋਂ ਬਾਅਦ ਨਵੀਂ ਚੋਣ ਸੂਚੀ ਤਿਆਰ ਹੋਈ ਅਤੇ ਅਧਿਆਪਕ ਸਰਕਾਰੀ ਸਕੂਲਾਂ ’ਚ ਸੇਵਾਵਾਂ ਨਿਭਾਉਣ ਲੱਗੇ। ਅਧਿਆਪਕਾਂ ਦਾ ਦੋਸ਼ ਹੈ ਕਿ ਮਈ 2026 ’ਚ ਸਿੱਖਿਆ ਵਿਭਾਗ ਨੇ ਸੋਧੀ ਹੋਈ ਉੱਤਰ ਕੁੰਜੀ ਨੂੰ ਰੱਦ ਕਰਕੇ ਪੁਰਾਣੀ ਉੱਤਰ ਕੁੰਜੀ ਲਾਗੂ ਕਰ ਦਿੱਤੀ। ਇਸ ਕਾਰਨ 7 ਮਈ ਨੂੰ 253 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਵੱਧ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਕਈ ਅਧਿਆਪਕ ਚੋਣ ਸੂਚੀ ਵਿੱਚੋਂ ਬਾਹਰ ਹੋ ਗਏ। ਬੁਲਾਰਿਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਭਾਗ ਵੱਲੋਂ ਕਈ ਵਾਰ ਮਸਲਾ ਜਲਦੀ ਹੱਲ ਕਰਨ ਦੇ ਭਰੋਸੇ ਦਿੱਤੇ ਗਏ, ਪਰ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਭਰਤੀ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਜੀਟੀਯੂ, ਡੀਟੀਐੱਫ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।