ਯੁਵਕ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਕਲਾ ਤੇ ਸੱਭਿਆਚਾਰ ਦੇ ਬਿਖੇਰੇ ਰੰਗ ਖਾਲਸਾ ਕਾਲਜ ਵਿਖੇ ਯੁਵਕ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਕਲਾ ਤੇ ਸੱਭਿਆਚਾਰ ਦੇ ਰੰਗ ਬਿਖੇਰੇ
Publish Date: Sun, 18 Oct 2026 05:30 PM (IST)
Updated Date: Sun, 18 Oct 2026 05:33 PM (IST)
ਡਾ. ਨਿਰਮਲ ਸਿੰਘ ਜੌੜਾ ਤੇ ਡਾ. ਅਮਨਦੀਪ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ; ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਸਮੂਹ ਮਹਿਮਾਨਾਂ ਦਾ ਕੀਤਾ ਸਵਾਗਤ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਰੋਪੜ-ਫ਼ਤਿਹਗੜ੍ਹ ਸਾਹਿਬ ਜ਼ੋਨ ਦੇ ਚਾਰ ਰੋਜ਼ਾ ਯੁਵਕ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਵੱਖ-ਵੱਖ ਕਲਾਤਮਕ ਵੰਨਗੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਿੱਖ ਐਜੂਕੇਸ਼ਨ ਸੋਸਾਇਟੀ ਦੇ ਪ੍ਰਧਾਨ ਸ. ਗੁਰਬੀਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਨਿਰਮਲ ਸਿੰਘ ਜੌੜਾ, ਚੇਅਰਪਰਸਨ, ਡਾ. ਸੁਰਜੀਤ ਪਾਤਰ ਚੇਅਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੁਵਕ ਭਲਾਈ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸ. ਗੁਰਬੀਰ ਸਿੰਘ ਬਰਾੜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ਅੰਦਰ ਛੁਪੀਆਂ ਕਲਾਤਮਕ ਪ੍ਰਤਿਭਾਵਾਂ ਨੂੰ ਉਭਾਰਨ ਲਈ ਅਹਿਮ ਮੰਚ ਹਨ। ਇਸਦੇ ਨਾਲ ਹੀ ਡਾ. ਨਿਰਮਲ ਸਿੰਘ ਜੌੜਾ ਅਤੇ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਆਪਣੀ ਅਮੀਰ ਵਿਰਾਸਤ, ਮਾਂ-ਬੋਲੀ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ’ਚ ਆਤਮ-ਵਿਸ਼ਵਾਸ, ਸਿਰਜਣਾਤਮਕਤਾ ਅਤੇ ਆਪਸੀ ਸਾਂਝ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਮੁੱਖ ਮਹਿਮਾਨ ਸ. ਗੁਰਬੀਰ ਸਿੰਘ ਬਰਾੜ, ਵਿਸ਼ੇਸ਼ ਮਹਿਮਾਨਾਂ ਡਾ. ਨਿਰਮਲ ਸਿੰਘ ਜੌੜਾ ਅਤੇ ਡਾ. ਅਮਨਦੀਪ ਸਿੰਘ ਸਮੇਤ ਸਮਾਗਮ ’ਚ ਪੁੱਜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨਾਲ ਵਿਚਾਰਾਂ ਤੇ ਤਜਰਬਿਆਂ ਦਾ ਆਦਾਨ-ਪ੍ਰਦਾਨ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ’ਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਯੁਵਕ ਮੇਲੇ ਦੇ ਤੀਜੇ ਦਿਨ ਡਾ. ਰਾਜਵੀਰ ਸਿੰਘ ਦੋਂਦ, ਮੈਂਬਰ ਸਿੱਖ ਐਜੂਕੇਸ਼ਨ ਸੋਸਾਇਟੀ, ਸ. ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੂਥ ਸਰਵਿਸਿਸ ਪੰਜਾਬ, ਡਾ. ਤਰਸੇਮ ਸਿੰਘ ਸਾਬਕਾ ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ, ਬੰਗਾ, ਬੇਲਾ ਕਾਲਜ ਦੇ ਪ੍ਰਿੰਸੀਪਲ ਮੈਡਮ ਸਤਵੰਤ ਕੌਰ ਸ਼ਾਹੀ ਅਤੇ ਵਾਈਪੀਐੱਸ ਮੋਹਾਲੀ ਵਿਖੇ ਸੇਵਾਵਾਂ ਨਿਭਾ ਰਹੇ ਡਾ. ਰਜਿੰਦਰ ਸਿੰਘ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ 16 ਤੋਂ 19 ਅਕਤੂਬਰ ਤੱਕ ਚੱਲ ਰਹੇ ਇਸ ਯੁਵਕ ਮੇਲੇ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ 67 ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਇਹ ਮੇਲਾ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।