ਸੁਣਨ ਸ਼ਕਤੀ ਗੁਆਉਣ ਦੇ ਬਾਵਜੂਦ ਦਲਜੀਤ ਸਿੰਘ ਨੇ ਸਾਈਕਲ ’ਤੇ ਪੂਰੀ ਕੀਤੀ ਦੋ ਤਖ਼ਤਾਂ ਦੀ ਯਾਤਰਾ ਸੁਣਨ ਸ਼ਕਤੀ ਗੁਆਉਣ ਦੇ ਬਾਵਜੂਦ ਦਲਜੀਤ ਸਿੰਘ ਨੇ ਸਾਈਕਲ ’ਤੇ ਪੂਰੀ ਕੀਤੀ ਦੋ ਤਖ਼ਤਾਂ ਦੀ ਯਾਤਰਾ
Publish Date: Sun, 18 Oct 2026 04:56 PM (IST)
Updated Date: Sun, 18 Oct 2026 04:57 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਜੇਕਰ ਇਨਸਾਨ ਆਪਣੇ ਮਨ ’ਚ ਕੁਝ ਕਰਨ ਦਾ ਪੱਕਾ ਇਰਾਦਾ ਕਰ ਲਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਆਪਣੇ ਟੀਚੇ ਵੱਲ ਵਧਣ ਤੋਂ ਰੋਕ ਨਹੀਂ ਸਕਦੀ। ਇਸ ਕਹਾਵਤ ਨੂੰ 45 ਸਾਲਾ ਦਲਜੀਤ ਸਿੰਘ ਨੇ ਸੱਚ ਕਰ ਦਿਖਾਇਆ ਹੈ। ਸੁਣਨ ਸ਼ਕਤੀ ਪੂਰੀ ਤਰ੍ਹਾਂ ਗੁਆ ਚੁੱਕੇ ਦਲਜੀਤ ਸਿੰਘ ਨੇ ਆਪਣੀ ਸਰੀਰਕ ਕਮਜ਼ੋਰੀ ਨੂੰ ਜ਼ਿੰਦਗੀ ’ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਸਾਈਕਲ ’ਤੇ ਦੋ ਤਖ਼ਤ ਸਾਹਿਬਾਨ ਦੀ ਯਾਤਰਾ ਕਰਕੇ ਆਪਣਾ ਸੁਪਨਾ ਪੂਰਾ ਕੀਤਾ। ਲੁਧਿਆਣਾ ਤੋਂ ਆ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਸੇ ਦਲਜੀਤ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਦਵਾਈਆਂ ਦੀ ਸਪਲਾਈ ਦਾ ਕੰਮ ਕਰਦੇ ਹਨ। ਇੱਕ ਸਮਾਂ ਸੀ ਜਦੋਂ ਉਹ ਢੋਲ ਦੀਆਂ ਡੱਗਾਂ ’ਤੇ ਭੰਗੜਾ ਪਾਉਣ ਦਾ ਸ਼ੌਕ ਰੱਖਦੇ ਸਨ, ਪਰ ਕੁਦਰਤ ਦੀ ਮਾਰ ਕਾਰਨ ਉਨ੍ਹਾਂ ਦੀ ਸੁਣਨ ਸ਼ਕਤੀ ਖ਼ਤਮ ਹੋ ਗਈ। ਅੱਜ ਉਹ ਢੋਲ ਵੱਜਦਾ ਦੇਖ ਤਾਂ ਸਕਦੇ ਹਨ, ਪਰ ਉਸ ਦੀ ਆਵਾਜ਼ ਸੁਣ ਨਹੀਂ ਸਕਦੇ। ਇਸ ਮੁਸ਼ਕਲ ਹਾਲਾਤ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ। ਦਲਜੀਤ ਸਿੰਘ ਨੇ ਮਨ ’ਚ ਸੰਕਲਪ ਲਿਆ ਕਿ ਉਹ ਆਪਣੀ ਕਮਜ਼ੋਰੀ ਕਾਰਨ ਜ਼ਿੰਦਗੀ ਨੂੰ ਨਿਰਾਸ਼ਾ ’ਚ ਨਹੀਂ ਗੁਜ਼ਾਰਨਗੇ। ਉਨ੍ਹਾਂ ਨੇ ਰੋਜ਼ਾਨਾ ਸਾਈਕਲ ਚਲਾਉਣ ਦਾ ਅਭਿਆਸ ਕੀਤਾ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਥਿਤ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਣ ਦਾ ਟੀਚਾ ਮਿੱਥਿਆ। ਸ਼ੁੱਕਰਵਾਰ ਸਵੇਰੇ ਸਾਢੇ ਚਾਰ ਵਜੇ ਉਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕਰਨ ਉਪਰੰਤ ਆਪਣੀ ਯਾਤਰਾ ਸ਼ੁਰੂ ਕੀਤੀ। ਇਸ ਮੌਕੇ ਉਨ੍ਹਾਂ ਦੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਵੀ ਹੋਈ। ਸ਼ੁੱਕਰਵਾਰ ਸ਼ਾਮ ਸੱਤ ਵਜੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਪ੍ਰਸ਼ਾਦਾ ਛਕਿਆ। ਇਸ ਤੋਂ ਬਾਅਦ ਸ਼ਨੀਵਾਰ ਸ਼ਾਮ ਛੇ ਵਜੇ ਉਨ੍ਹਾਂ ਨੇ ਵਾਪਸੀ ਸ਼ੁਰੂ ਕੀਤੀ ਅਤੇ ਸਾਰੀ ਰਾਤ ਸਾਈਕਲ ਚਲਾਉਂਦੇ ਹੋਏ ਐਤਵਾਰ ਸਵੇਰੇ ਸਾਢੇ ਪੰਜ ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੁੜ ਪਹੁੰਚ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਲਜੀਤ ਸਿੰਘ ਦੇ ਇਸ ਹੌਸਲੇ ਅਤੇ ਦ੍ਰਿੜ੍ਹ ਇਰਾਦੇ ਦੀ ਭਰਪੂਰ ਸ਼ਲਾਘਾ ਕੀਤੀ। ਦਲਜੀਤ ਸਿੰਘ ਦੀ ਇਹ ਯਾਤਰਾ ਸਾਬਤ ਕਰਦੀ ਹੈ ਕਿ ਮਜ਼ਬੂਤ ਇਰਾਦੇ ਅਤੇ ਹਿੰਮਤ ਨਾਲ ਮੁਸ਼ਕਲਾਂ ਨੂੰ ਵੀ ਮਾਤ ਦਿੱਤੀ ਜਾ ਸਕਦੀ ਹੈ।