ਰਾਮਲੀਲਾ ਨਾਲ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੁੜਨ ਦਾ ਮੌਕਾ ਮਿਲਦੈ : ਬੈਂਸ ਰਾਘਵ ਕਲਾ ਮੰਚ ਵਲੋਂ ਰਾਮ ਲੀਲਾ ਮੰਚਨ ਜਾਰੀ
Publish Date: Sun, 18 Oct 2026 04:37 PM (IST)
Updated Date: Sun, 18 Oct 2026 04:39 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਨਯਾ ਨੰਗਲ ਦੇ ਸੈਕਟਰ-2 ’ਚ ਸ਼੍ਰੀ ਰਾਘਵ ਕਲਾ ਮੰਚ ਵੱਲੋਂ ਕਰਵਾਈ ਜਾ ਰਹੀ ਪ੍ਰਭੂ ਸ਼੍ਰੀ ਰਾਮ ਦੀ ਲੀਲਾ ਦੌਰਾਨ ਸ਼ਨੀਵਾਰ ਰਾਤ ਨੂੰ ਭਗਵਾਨ ਹਨੂੰਮਾਨ ਜੀ ਦੀ ਮਾਤਾ ਸੀਤਾ ਨਾਲ ਅਸ਼ੋਕ ਵਾਟਿਕਾ ’ਚ ਹੋਈ ਮੁਲਾਕਾਤ, ਅਕਸ਼ੈ ਕੁਮਾਰ ਦੇ ਵਧ ਅਤੇ ਰਾਵਣ ਦੇ ਦਰਬਾਰ ਨਾਲ ਸਬੰਧਤ ਪ੍ਰਭਾਵਸ਼ਾਲੀ ਦ੍ਰਿਸ਼ ਪੇਸ਼ ਕੀਤੇ ਗਏ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਰਾਮਾਇਣ ਦੇ ਪ੍ਰਸੰਗਾਂ ਨਾਲ ਜੋੜਿਆ ਗਿਆ। ਰਾਮ ਲੀਲਾ ’ਚ ਵਿਸ਼ੇਸ਼ ਰੂਪ ਚ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਰੂਪ ’ਚ ਸ਼ਿਰਕਤ ਕਰਕੇ ਪ੍ਰਭੂ ਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਿੱਖਿਆਂ ਮੰਤਰੀ ਨੇ ਸ਼੍ਰੀ ਰਾਘਵ ਕਲਾ ਮੰਚ ਦੇ ਇਸ ਉਪਰਾਲੇ ਦੀ ਸਲਾਘਾਂ ਕਰਦਿਆਂ ਕਿਹਾ ਕਿ ਇਸ ਨਾਲ ਨਵੀਂ ਪੀੜੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਉਨਾਂ ਕੁਇੱਜ ਮੁਕਾਬਲੇ ’ਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਉਨ੍ਹਾਂ ਨੇ ਸ਼੍ਰੀ ਰਾਘਵ ਕਲਾ ਮੰਚ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਮ ਲੀਲਾ ਦੇ ਮੰਚਨ ਦੌਰਾਨ ਦਿਖਾਇਆ ਗਿਆ ਕਿ ਜਦੋਂ ਹਨੂੰਮਾਨ ਜੀ ਲੰਕਾ ਦੀ ਅਸ਼ੋਕ ਵਾਟਿਕਾ ’ਚ ਮਾਤਾ ਸੀਤਾ ਨੂੰ ਮਿਲਦੇ ਹਨ ਤਾਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਪ੍ਰਭੂ ਸ਼੍ਰੀ ਰਾਮ ਜਲਦੀ ਹੀ ਉਨ੍ਹਾਂ ਨੂੰ ਲੈਣ ਲਈ ਲੰਕਾ ਪਹੁੰਚਣਗੇ। ਭੁੱਖ ਲੱਗਣ ’ਤੇ ਮਾਤਾ ਸੀਤਾ ਤੋਂ ਆਗਿਆ ਲੈ ਕੇ ਹਨੂੰਮਾਨ ਜੀ ਅਸ਼ੋਕ ਵਾਟਿਕਾ ਦੇ ਫਲ ਖਾਂਦੇ ਹਨ ਅਤੇ ਉੱਥੇ ਲੱਗੇ ਦਰੱਖਤਾਂ ਨੂੰ ਉਖਾੜ ਕੇ ਤਬਾਹ ਕਰ ਦਿੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਫੜਨ ਲਈ ਆਇਆ ਰਾਵਣ ਦਾ ਪੁੱਤਰ ਅਕਸ਼ੈ ਕੁਮਾਰ ਮਾਰਿਆ ਜਾਂਦਾ ਹੈ। ਇਸ ਤੋਂ ਬਾਅਦ ਮੇਘਨਾਦ ਬ੍ਰਹਮ ਸ਼ਕਤੀ ਦੀ ਵਰਤੋਂ ਕਰਕੇ ਹਨੂੰਮਾਨ ਜੀ ਨੂੰ ਬੰਦੀ ਬਣਾ ਕੇ ਰਾਵਣ ਦੇ ਦਰਬਾਰ ’ਚ ਪੇਸ਼ ਕਰਦਾ ਹੈ। ਰਾਵਣ ਹਨੂੰਮਾਨ ਜੀ ਦੀ ਪੂਛ ਨੂੰ ਅੱਗ ਲਗਾਉਣ ਦਾ ਹੁਕਮ ਦਿੰਦਾ ਹੈ। ਇਸ ਫ਼ੈਸਲੇ ਦਾ ਵਿਰੋਧ ਕਰਨ ’ਤੇ ਰਾਵਣ ਆਪਣੇ ਭਰਾ ਵਿਭੀਸ਼ਣ ਨੂੰ ਲੱਤ ਮਾਰ ਕੇ ਲੰਕਾ ’ਚੋਂ ਬਾਹਰ ਕੱਢ ਦਿੰਦਾ ਹੈ। ਇਨ੍ਹਾਂ ਦ੍ਰਿਸ਼ਾਂ ਨੇ ਦਰਸ਼ਕਾਂ ’ਚ ਵਿਸ਼ੇਸ਼ ਉਤਸ਼ਾਹ ਪੈਦਾ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੇ ਸਿੱਖਿਆ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ, ਕਿਰਨ ਬਾਲਾ, ਰਮੇਸ਼ ਮਹਾਸ਼ਾ, ਹਰਦੀਪ ਕੌਰ, ਗੁਰਦੇਵ ਬਿੱਲਾ, ਹੇਮ ਰਾਜ ਸੈਣੀ, ਸੰਜੀਵ ਕੁਰਾਲੀਆ, ਧੀਰਜ ਵਾਲੀਆ, ਅਖਿਲ ਹੰਸ, ਤੇਜਿੰਦਰ, ਨੀਰਜ, ਪੀਯੂਸ਼, ਅਰੁਣ ਸ਼ਰਮਾ, ਰਮੇਸ਼ ਪੱਟੀ, ਨਿਤਿਨ ਕੈਰੋਂ, ਚੇਤਨ ਅਤੇ ਯੁਗ ਨੇ ਅਹਿਮ ਸਹਿਯੋਗ ਦਿੱਤਾ। ਮੰਚ ਦੇ ਬੁਲਾਰੇ ਰਾਕੇਸ਼ ਵਰਮਾ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਰਾਵਣ ਅਤੇ ਕਾਲ ਸੰਵਾਦ ਦਾ ਮੰਚਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਮੰਗਲਵਾਰ ਦੁਪਹਿਰ ਨੂੰ ਸ਼ਹਿਰ ’ਚ ਝਾਕੀਆਂ ਕੱਢੀਆਂ ਜਾਣਗੀਆਂ, ਜਿਸ ਤੋਂ ਬਾਅਦ ਸਟੇਡੀਅਮ ਗਰਾਊਂਡ ’ਚ ਰਾਮ-ਰਾਵਣ ਯੁੱਧ ਦੇ ਅੰਤਿਮ ਪੜਾਅ ਦਾ ਮੰਚਨ ਕੀਤਾ ਜਾਵੇਗਾ। ਇਸ ਮੌਕੇ ਰਾਵਣ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਜਾਵੇਗਾ। ਉਨ੍ਹਾਂ ਨੇ ਆਸ-ਪਾਸ ਦੇ ਕਸਬਿਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਦੁਸਹਿਰੇ ਦਾ ਤਿਉਹਾਰ ਮਨਾਉਣ ਲਈ ਵੱਡੀ ਗਿਣਤੀ ’ਚ ਸਟੇਡੀਅਮ ਗਰਾਊਂਡ ਪਹੁੰਚਣ ਦੀ ਅਪੀਲ ਕੀਤੀ।