ਰਾਮਲੀਲਾ ਸਾਡੀ ਅਮੀਰ ਵਿਰਾਸਤ ਦਾ ਅਹਿਮ ਹਿੱਸਾ : ਅਸ਼ਵਨੀ ਸ਼ਰਮਾ ਨੂਰਪੁਰਬੇਦੀ ’ਚ ਰਾਮਲੀਲਾ ਦੀ ਅੱਠਵੀਂ ਨਾਈਟ ਦਾ ਅਸ਼ਵਨੀ ਸ਼ਰਮਾ ਨੇ ਕੀਤਾ ਉਦਘਾਟਨ
Publish Date: Sun, 18 Oct 2026 04:05 PM (IST)
Updated Date: Sun, 18 Oct 2026 04:06 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਅੱਠਵੀਂ ਨਾਈਟ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਰਾਮਲੀਲਾ ਦੇ ਮੰਚ ਨਾਲ ਆਪਣੇ ਪਰਿਵਾਰ ਦੀ ਪੁਰਾਣੀ ਸਾਂਝ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਮੰਚ ਨਾਲ ਉਨ੍ਹਾਂ ਦੇ ਬਜ਼ੁਰਗਾਂ ਦਾ ਲੰਮੇ ਸਮੇਂ ਤੋਂ ਗੂੜ੍ਹਾ ਨਾਤਾ ਰਿਹਾ ਹੈ ਅਤੇ ਉਹ ਖੁਦ ਵੀ ਇਸੇ ਸਟੇਜ ਤੋਂ ਆਪਣੀ ਭੂਮਿਕਾ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਮਲੀਲਾ ਸਿਰਫ਼ ਧਾਰਮਿਕ ਨਾਟਕ ਨਹੀਂ, ਸਗੋਂ ਸਾਡੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ, ਜੋ ਸਾਨੂੰ ਆਪਣੇ ਇਤਿਹਾਸ, ਮਰਿਆਦਾਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨਵੀਂ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ ਜੀਵਨ, ਤਿਆਗ, ਸੇਵਾ, ਭਾਈਚਾਰੇ ਅਤੇ ਸੱਚਾਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਰਾਮਲੀਲਾ ਕਮੇਟੀ ਵੱਲੋਂ ਧਾਰਮਿਕ ਪਰੰਪਰਾਵਾਂ ਨੂੰ ਸੰਭਾਲਣ ਅਤੇ ਲੋਕਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੰਚ ਸਿਰਫ਼ ਕਲਾ ਦਾ ਪ੍ਰਦਰਸ਼ਨ ਹੀ ਨਹੀਂ ਕਰਦੇ, ਸਗੋਂ ਸਮਾਜ ’ਚ ਚੰਗੇ ਸੰਸਕਾਰਾਂ ਅਤੇ ਆਪਸੀ ਸਾਂਝ ਦਾ ਸੰਦੇਸ਼ ਵੀ ਦਿੰਦੇ ਹਨ। ਰਾਮਲੀਲਾ ਦੀ ਅੱਠਵੀਂ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਰਾਮਾਇਣ ਦੇ ਤਿੰਨ ਅਹਿਮ ਪ੍ਰਸੰਗਾਂ ਸੀਤਾ ਹਰਨ, ਜਟਾਯੂ ਵਧ ਅਤੇ ਰਾਮ-ਸੁਗਰੀਵ ਮਿੱਤਰਤਾ ਦੇ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਸੀਤਾ ਹਰਨ ਦੇ ਦ੍ਰਿਸ਼ ਨੇ ਦਰਸ਼ਕਾਂ ਨੂੰ ਰਾਮਾਇਣ ਦੀ ਕਥਾ ਨਾਲ ਜੋੜਿਆ, ਜਦਕਿ ਜਟਾਯੂ ਵਧ ਦੇ ਪ੍ਰਸੰਗ ਰਾਹੀਂ ਜਟਾਯੂ ਦੀ ਕੁਰਬਾਨੀ ਅਤੇ ਪ੍ਰਭੂ ਸ੍ਰੀ ਰਾਮ ਪ੍ਰਤੀ ਉਸ ਦੀ ਵਫ਼ਾਦਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਰਾਮ-ਸੁਗਰੀਵ ਮਿੱਤਰਤਾ ਦੇ ਦ੍ਰਿਸ਼ ਦਾ ਮੰਚਨ ਕੀਤਾ ਗਿਆ, ਜਿਸ ’ਚ ਦੋਸਤੀ, ਵਿਸ਼ਵਾਸ ਅਤੇ ਆਪਸੀ ਸਹਿਯੋਗ ਦਾ ਸੰਦੇਸ਼ ਦਿੱਤਾ ਗਿਆ। ਕਲਾਕਾਰਾਂ ਨੇ ਆਪਣੇ ਅਭਿਨੈ ਅਤੇ ਸੰਵਾਦਾਂ ਰਾਹੀਂ ਤਿੰਨਾਂ ਪ੍ਰਸੰਗਾਂ ਨੂੰ ਜੀਵੰਤ ਰੂਪ ’ਚ ਪੇਸ਼ ਕੀਤਾ, ਜਿਸ ਦੀ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਰਾਮਲੀਲਾ ਕਮੇਟੀ ਦੇ ਸੀਨੀਅਰ ਕਲਾਕਾਰ ਮਾਸਟਰ ਜਗਨਨਾਥ ਭੰਡਾਰੀ ਨੇ ਸਮਾਗਮ ’ਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਾਮਲੀਲਾ ਦੇ ਸਫ਼ਲ ਆਯੋਜਨ ’ਚ ਕਲਾਕਾਰਾਂ, ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਦਾ ਅਹਿਮ ਯੋਗਦਾਨ ਹੈ। ਇਸ ਉਪਰੰਤ ਕਮੇਟੀ ਵੱਲੋਂ ਅਸ਼ਵਨੀ ਸ਼ਰਮਾ ਅਤੇ ਹੋਰ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਦਿਨੇਸ਼ ਹੱਲਣ, ਗੌਰਵ ਕਾਲੜਾ, ਰਾਜ ਕੁਮਾਰ ਕਾਕੂ, ਸੋਨੂ ਦੀਵਾਨ, ਬੀਰੂ ਸ਼ਰਮਾ, ਸੂਰਜ ਸ਼ਰਮਾ, ਪਿੰਟੂ ਕਪੂਰ, ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।