ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ’ਤੇ ਵਾਲਮੀਕਿ ਯਾਤਰਾ ਦਾ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ’ਤੇ ਵਾਲਮੀਕਿ ਯਾਤਰਾ ਦਾ ਸ਼ਰਧਾ ’ਤੇ ਉਤਸ਼ਾਹ ਨਾਲ ਸਵਾਗਤ
Publish Date: Sat, 17 Oct 2026 08:01 PM (IST)
Updated Date: Sat, 17 Oct 2026 08:03 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਵਾਲਮੀਕਿ ਤੀਰਥ ਲਈ ਕੱਢੀ ਗਈ ਯਾਤਰਾ ਦਾ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ’ਤੇ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਭਰਵਾਂ ਸਵਾਗਤ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਆਗੂ ਲੱਕੀ ਤੇਜੀ ਦੀ ਅਗਵਾਈ ਹੇਠ ਪਹੁੰਚੀ ਵਾਲਮੀਕਿ ਸੰਗਤ ਦਾ ਸਵਾਗਤ ਪ੍ਰਧਾਨ ਰਵੀ ਹੰਸ ਅਤੇ ਚੇਅਰਮੈਨ ਦਲੀਪ ਹੰਸ, ਮੈਂਬਰ ਦਲਿਤ ਵਿਕਾਸ ਬੋਰਡ ਪੰਜਾਬ ਦੀ ਅਗਵਾਈ ’ਚ ਬੱਸ ਸਟੈਂਡ ਨੇੜੇ ਕੀਤਾ ਗਿਆ। ਇਸ ਮੌਕੇ ਬੈਂਡ-ਵਾਜਿਆਂ ਅਤੇ ਆਤਿਸ਼ਬਾਜ਼ੀ ਨਾਲ ਯਾਤਰਾ ਦਾ ਸਵਾਗਤ ਕੀਤਾ ਗਿਆ। ਜੈ ਵਾਲਮੀਕਿ ਅਤੇ ਹਰ ਹਰ ਵਾਲਮੀਕਿ ਦੇ ਜੈਕਾਰਿਆਂ ਨਾਲ ਸਮੁੱਚਾ ਇਲਾਕਾ ਗੂੰਜ ਉੱਠਿਆ। ਹਿਮਾਚਲ ਪ੍ਰਦੇਸ਼ ਤੋਂ ਆਈ ਸੰਗਤ ਲਈ ਚਾਹ, ਪਕੌੜਿਆਂ ਅਤੇ ਲੱਡੂਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਉਪਰੰਤ ਬਾਲ ਜੋਗੀ ਪ੍ਰਗਟ ਨਾਥ ਜੀ ਮਹਾਰਾਜ ਸਮੇਤ ਯਾਤਰਾ ’ਚ ਸ਼ਾਮਲ ਹੋਈ ਸੰਗਤ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸੰਗਤ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਭਗਵਾਨ ਵਾਲਮੀਕਿ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਜੁੜਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਅਜਿਹੀਆਂ ਧਾਰਮਿਕ ਯਾਤਰਾਵਾਂ ਸਮਾਜ ’ਚ ਆਪਸੀ ਭਾਈਚਾਰੇ, ਸਦਭਾਵਨਾ ਅਤੇ ਧਾਰਮਿਕ ਸ਼ਰਧਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਸੰਜੀਵ ਕੁਮਾਰ ਭਲਵਾਨ, ਮਾਸਟਰ ਰਣਜੀਵ ਕੁਮਾਰ ਰੰਜੂ, ਮਾਸਟਰ ਰਾਜਕੁਮਾਰ, ਵਿਸ਼ਾਲ, ਪ੍ਰਧਾਨ ਬਲਵਿੰਦਰ ਵਗਣ ਅਤੇ ਸੰਜੀਵ ਕਲਿਆਣ ਸਮੇਤ ਹੋਰ ਪਤਵੰਤੇ ਹਾਜ਼ਰ ਸਨ।