ਵਫ਼ਦ ਵੱਲੋਂ ਡਾ. ਸਤੀਸ਼ ਪੂਨੀਆ ਨਾਲ ਮੁਲਾਕਾਤ, ਚਾਰ ਪ੍ਰਮੁੱਖ ਮੁੱਦੇ ਉਠਾਏ ਡਾ. ਸਤੀਸ਼ ਪੂਨੀਆ ਨਾਲ ਮੁਲਾਕਾਤ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਖੇਤਰ ਦੇ ਚਾਰ ਪ੍ਰਮੁੱਖ ਮੁੱਦੇ ਉਠਾਏ
Publish Date: Sat, 17 Oct 2026 05:05 PM (IST)
Updated Date: Sat, 17 Oct 2026 05:06 PM (IST)
ਐੱਨਐੱਫਐੱਲ ਦੇ ਵਿਸਥਾਰ, ਰੇਲਵੇ ਅੰਡਰਪਾਸ, ਪ੍ਰਦੂਸ਼ਣ ਦੀ ਸਮੱਸਿਆ ਤੇ ਬੇਲਦਾਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਦੀ ਕੀਤੀ ਮੰਗ ਸੁਰਿੰਦਰ ਸਿੰਘ ਸੋਨੀ , ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਅਤੇ ਆਸ-ਪਾਸ ਦੇ ਖੇਤਰਾਂ ਦੇ ਚਾਰ ਪ੍ਰਮੁੱਖ ਜਨਤਕ ਮੁੱਦਿਆਂ ਨੂੰ ਲੈ ਕੇ ਭਾਰਤੀ ਮਜ਼ਦੂਰ ਸੰਘ (ਬੀਐੱਮਐੱਸ) ਪੰਜਾਬ ਦੇ ਮੀਤ ਪ੍ਰਧਾਨ ਰਜਿੰਦਰ ਵਰਮਾ ਦੀ ਅਗਵਾਈ ਹੇਠ ਵਫ਼ਦ ਨੇ ਲੁਧਿਆਣਾ ਵਿਖੇ ਭਾਜਪਾ ਦੇ ਕੌਮੀ ਜਨਰਲ ਸਕੱਤਰ, ਰਾਜ ਸਭਾ ਮੈਂਬਰ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨਾਲ ਮੁਲਾਕਾਤ ਕੀਤੀ। ਨੌਜਵਾਨ ਭਾਜਪਾ ਆਗੂ ਐਡਵੋਕੇਟ ਸਤਬੀਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਦੌਰਾਨ ਖੇਤਰ ਦੇ ਵਿਕਾਸ, ਵਾਤਾਵਰਣ ਦੀ ਸੁਰੱਖਿਆ, ਆਵਾਜਾਈ ਅਤੇ ਮੁਲਾਜ਼ਮਾਂ ਦੇ ਹੱਕਾਂ ਨਾਲ ਸਬੰਧਤ ਮਾਮਲੇ ਉਠਾਏ ਗਏ। ਵਫ਼ਦ ਨੇ ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨਐੱਫਐੱਲ) ਦੇ ਵਿਸਥਾਰ ਪ੍ਰਾਜੈਕਟ ਦਾ ਨੀਂਹ ਪੱਥਰ ਜਲਦੀ ਰੱਖਣ ਦੀ ਮੰਗ ਕੀਤੀ, ਤਾਂ ਜੋ ਉਦਯੋਗਿਕ ਵਿਕਾਸ ਦੇ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਣ। ਇਸ ਤੋਂ ਇਲਾਵਾ ਨੰਗਲ ਰੇਲਵੇ ਅੰਡਰਪਾਸ ਦਾ ਨਿਰਮਾਣ ਜਲਦੀ ਕਰਵਾਉਣ ਦੀ ਮੰਗ ਵੀ ਰੱਖੀ ਗਈ। ਇਸ ਨਾਲ ਸ਼ਮਸ਼ਾਨ ਘਾਟ ਜਾਣ ਵਾਲੇ ਲੋਕਾਂ, ਸਥਾਨਕ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਵਫ਼ਦ ਨੇ ਪ੍ਰੀਮੋ ਕੈਮੀਕਲਜ਼, ਪਹਿਲਾਂ ਪੀਏਸੀਐੱਲ, ਨਾਲ ਸਬੰਧਤ ਪ੍ਰਦੂਸ਼ਣ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲਗਭਗ 40 ਪਿੰਡਾਂ ਨੂੰ ਰਾਹਤ ਦਿਵਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ। ਇਸ ਦੇ ਨਾਲ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਹੋਏ ਡਿਸਇਨਵੈਸਟਮੈਂਟ ’ਚ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਕਰਵਾਉਣ ਦਾ ਮੁੱਦਾ ਵੀ ਉਠਾਇਆ ਗਿਆ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ’ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਦਿਹਾੜੀਦਾਰ ਬੇਲਦਾਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਬੀਐੱਮਐੱਸ ਪੰਜਾਬ ਦੇ ਸੰਗਠਨ ਮੰਤਰੀ ਨਿਰੰਜਣ ਅਤੇ ਜ਼ਿਲ੍ਹਾ ਮੰਤਰੀ ਭਾਗੀਰਥ ਪਾਲੀਵਾਲ ਸਮੇਤ ਹੋਰ ਹਾਜ਼ਰ ਸਨ।