ਅਮਨਜੋਤ ਨੇ ਗੱਡੇ ਸਫ਼ਲਤਾ ਦੇ ਝੰਡੇ, ਪੰਜਾਬ ’ਚੋਂ ਹਾਸਲ ਕੀਤਾ ਪਹਿਲਾ ਸਥਾਨ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਅਮਨਜੋਤ ਨੇ ਗੱਡੇ ਸਫ਼ਲਤਾ ਦੇ ਝੰਡੇ
Publish Date: Sat, 17 Oct 2026 04:32 PM (IST)
Updated Date: Sat, 17 Oct 2026 04:33 PM (IST)
70ਵੀਆਂ ਨੈਸ਼ਨਲ ਸਕੂਲ ਖੇਡਾਂ ’ਚ ਹੋਣਹਾਰ ਪਹਿਲਵਾਨ ਦਿਖਾਏਗਾ ਦਮ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੇ ਹੋਣਹਾਰ ਵਿਦਿਆਰਥੀ ਅਮਨਜੋਤ ਨੇ ਕੁਸ਼ਤੀ ਦੇ ਮੈਦਾਨ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। 12ਵੀਂ ਜਮਾਤ ਦੇ ਇਸ ਵਿਦਿਆਰਥੀ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਦਿੱਲੀ ਵਿਖੇ ਹੋਣ ਵਾਲੀਆਂ 70ਵੀਆਂ ਨੈਸ਼ਨਲ ਸਕੂਲ ਖੇਡਾਂ ਲਈ ਕੁਆਲੀਫਾਈ ਕਰ ਲਿਆ ਹੈ। ਹੁਣ ਉਹ ਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਦਾ ਦਮਖਮ ਦਿਖਾਉਣ ਲਈ ਮੈਦਾਨ ’ਚ ਉਤਰੇਗਾ। ਇਸ ਸੰਬੰਧੀ ਵੀਰੇ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੈਡਮ ਸ਼ਿਖਾ ਅਰੋੜਾ ਨੇ ਦੱਸਿਆ ਕਿ ਅਮਨਜੋਤ ਨੇ 60 ਕਿਲੋਗ੍ਰਾਮ ਭਾਰ ਵਰਗ ’ਚ ਗਰੀਕੋ-ਰੋਮਨ ਅਤੇ ਫ੍ਰੀਸਟਾਈਲ ਕੁਸ਼ਤੀ ’ਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ। ਉਸ ਦੀ ਇਸ ਸਫ਼ਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ੍ਹ ਇਰਾਦੇ, ਅਣਥੱਕ ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਨਾਲ ਵੱਡੀਆਂ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨਾ ਉਸ ਦੇ ਖੇਡ ਕਰੀਅਰ ਲਈ ਇੱਕ ਅਹਿਮ ਪ੍ਰਾਪਤੀ ਹੈ। ਸਕੂਲ ਦੀ ਪ੍ਰਿੰਸੀਪਲ ਸ਼ਿਖਾ ਅਰੋੜਾ ਨੇ ਅਮਨਜੋਤ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਮਾਣ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਖੇਡ ਪ੍ਰਾਪਤੀਆਂ ਨਾ ਸਿਰਫ਼ ਸੰਸਥਾ ਦਾ ਮਾਣ ਵਧਾਉਂਦੀਆਂ ਹਨ, ਸਗੋਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਆਪਣੀ ਪ੍ਰਤਿਭਾ ਨਿਖਾਰਨ ਅਤੇ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਡੀਪੀਈ ਭੁਪਿੰਦਰ ਸਿੰਘ, ਲੈਕਚਰਾਰ ਅਮਰਜੀਤ ਸਿੰਘ ਅਤੇ ਸਟਾਫ ਅਮਨਜੋਤ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।