ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਵਿਖੇ ਨਤਮਸਤਕ ਹੋਏ ਡਾ. ਸੁਭਾਸ਼ ਸ਼ਰਮਾ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਵਿਖੇ ਨਤਮਸਤਕ ਹੋ ਕੇ ਪੰਜਾਬ ਅਤੇ ਸ੍ਰੀ ਅਨੰਦਪੁਰ
Publish Date: Sat, 17 Oct 2026 04:18 PM (IST)
Updated Date: Sat, 17 Oct 2026 04:21 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇਤਿਹਾਸਿਕ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਪਵਿੱਤਰ ਦਰਗਾਹ ਵਿਖੇ ਨਤਮਸਤਕ ਹੋ ਕੇ ਪੰਜਾਬ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਰਬਪੱਖੀ ਤਰੱਕੀ ਲਈ ਅਰਦਾਸ ਕੀਤੀ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਦੀ ਦਰਗਾਹ ਦੇ ਸੇਵਾਦਾਰ ਪ੍ਰਵੇਜ ਖਾਨ ਸਾਹਿਬ ਨਾਲ ਬਹੁਤ ਹੀ ਨਿੱਘੀ, ਸਾਰਥਕ ਅਤੇ ਅਧਿਆਤਮਿਕ ਮੁਲਾਕਾਤ ਹੋਈ। ਉਨ੍ਹਾਂ ਕਿਹਾ ਕਿ ਮਹੰਤ ਪ੍ਰਵੇਜ ਖਾਨ ਸਾਹਿਬ ਦੀ ਸ਼ਖ਼ਸੀਅਤ, ਨਿਮਰਤਾ ਅਤੇ ਅਧਿਆਤਮਿਕ ਵਿਚਾਰਾਂ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਡਾ. ਸੁਭਾਸ਼ ਸ਼ਰਮਾ ਨੇ ਮਹੰਤ ਪ੍ਰਵੇਜ ਖਾਨ ਸਾਹਿਬ ਵੱਲੋਂ ਉਨ੍ਹਾਂ ਲਈ ਕੀਤੀ ਗਈ ਦੁਆ ਅਤੇ ਦਿੱਤੇ ਗਏ ਸਨੇਹ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਧਾਰਮਿਕ ਸਥਾਨ ਅਤੇ ਰੂਹਾਨੀ ਸ਼ਖ਼ਸੀਅਤਾਂ ਸਮਾਜ ’ਚ ਪਿਆਰ, ਆਪਸੀ ਸਤਿਕਾਰ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਮਹਾਨ ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਸੰਤਾਂ ਦੀ ਧਰਤੀ ਹੈ, ਜਿਨ੍ਹਾਂ ਨੇ ਹਮੇਸ਼ਾ ਸਮੁੱਚੀ ਮਨੁੱਖਤਾ ਨੂੰ ਆਪਸੀ ਸਾਂਝ, ਸਦਭਾਵਨਾ ਅਤੇ ਸੇਵਾ ਦਾ ਸੰਦੇਸ਼ ਦਿੱਤਾ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਇਨ੍ਹਾਂ ਮਹਾਨ ਰਵਾਇਤਾਂ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਤਰੱਕੀ ਲਈ ਮਿਲ ਕੇ ਯਤਨ ਕਰੀਏ। ਅੰਤ ’ਚ ਡਾ. ਸੁਭਾਸ਼ ਸ਼ਰਮਾ ਨੇ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਪੰਜਾਬ ਦੀ ਚੜ੍ਹਦੀ ਕਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਵਰਗ ਦੇ ਲੋਕਾਂ ਦੀ ਖੁਸ਼ਹਾਲੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।