ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
Publish Date: Sat, 17 Oct 2026 04:16 PM (IST)
Updated Date: Sat, 17 Oct 2026 04:18 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸੰਗਤਾਂ ਨੇ ਧਾਰਮਿਕ ਅਸਥਾਨਾਂ ’ਤੇ ਪਹੁੰਚਣਾ ਸ਼ੁਰੂ ਕਰ ਦਿੱਤਾ।ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਹਰ ਸੰਗਰਾਂਦ ਦੀ ਤਰ੍ਹਾਂ ਕੱਤਕ ਦੀ ਸੰਗਰਾਂਦ ਮੌਕੇ ਧਾਰਮਿਕ ਦੀਵਾਨ ਸਜਾਇਆ ਗਿਆ। ਦੀਵਾਨ ਦੌਰਾਨ ਭਾਈ ਹਰਭਜਨ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਕੀਰਤਨੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਜਸਵੀਰ ਸਿੰਘ ਮੋਲੇਕੇ ਦੇ ਕਵੀਸ਼ਰੀ ਜਥੇ ਨੇ ਵਾਰਾਂ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਭਾਈ ਕੁਲਦੀਪ ਸਿੰਘ ਦਬੁਰਜੀ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਧਾਰਮਿਕ ਦੀਵਾਨ ’ਚ ਪਹੁੰਚੀਆਂ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਸਨ। ਇਸ ਮੌਕੇ ਭਾਈ ਅਮਰਜੀਤ ਸਿੰਘ ਬਾੜੀਆਂ ਐਡ.ਮੈਨੇਜਰ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਭਾਈ ਰਣਜੀਤ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਭਾਈ ਪਰਮਜੀਤ ਸਿੰਘ, ਗ੍ਰੰਥੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਬਲਵੰਤ ਸਿੰਘ ਸਟੋਰ ਕੀਪਰ, ਸਤਨਾਮ ਸਿੰਘ ਸਟੋਰ ਕੀਪਰ, ਨਰਾਇਣ ਸਿੰਘ, ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਵਿਖੇ ਵੀ ਕੱਤਕ ਦੀ ਸੰਗਰਾਂਦ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਨਤਮਸਤਕ ਹੁੰਦਿਆਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਪੂਰੇ ਦਿਨ ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਹੋਰ ਧਾਰਮਿਕ ਅਸਥਾਨਾਂ ’ਤੇ ਵੀ ਸੰਗਤਾਂ ਦੀ ਆਮਦ ਲੱਗੀ ਰਹੀ।