ਰੋਟਰੀ ਕਲੱਬ ਕਾਰਸੇਵਾ ਕਿਲ੍ਹਾ ਆਨੰਦਗੜ੍ਹ ਵਲੋਂ ਸਫ਼ਾਈ ਮੁਹਿੰਮ ਸ਼ੁਰੂ ਰੋਟਰੀ ਕਲੱਬ,ਕਾਰਸੇਵਾ ਕਿਲ੍ਹਾ ਆਨੰਦਗੜ੍ਹ ਵਲੋਂ ਸਫਾਈ ਮੁਹਿਮ ਸ਼ੁਰੂ
Publish Date: Sat, 17 Oct 2026 03:57 PM (IST)
Updated Date: Sat, 17 Oct 2026 04:00 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਦੀ ਜਨਮ ਭੂਮੀ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਅਤੀ ਸੁੰਦਰ ਬਣਾਉਣ ਲਈ ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸੇਵਾ ਦੇ ਪੁੰਜ ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਸ਼ਹਿਰ ਨੂੰ ਚੰਡੀਗੜ੍ਹ ਰੋਪੜ ਸਾਈਡ ਤੋਂ ਆਉਣ ਵਾਲੇ ਸਵਾਗਤੀ ਗੇਟ ਤੋਂ ਸ਼ੁਰੂ ਹੋ ਕੇ ਨੰਗਲ ਰੋਡ ’ਤੇ ਸਥਿਤ ਸਵਾਗਤੀ ਗੇਟ ਤੱਕ ਡਿਵਾਈਡਰਾਂ ਦੀ ਸਫਾਈ, ਰਿਪੇਅਰ ਅਤੇ ਉਨ੍ਹਾਂ ’ਚ ਫੁੱਲਾਂ ਦੇ ਸ਼ਾਨਦਾਰ ਬੂਟੇ ਲਗਾਉਣ ਦੀ ਸੇਵਾ ਆਰੰਭ ਕੀਤੀ ਗਈ ਹੈ ਅੱਜ ਕਾਰ ਸੇਵਾ ਕਿਲ੍ਹਾਂ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਜੀ ਵੱਲੋਂ ਅਰਦਾਸ ਕਰਕੇ ਸੇਵਾ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਪੱਤਰਕਾਰ ਨਾਲ ਗੱਲ ਕਰਦਿਆਂ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕਰਨ ਲਈ ਮੋਹਰੀ ਰਿਹਾ ਹੈ, ਉੱਥੇ ਹੀ ਸ਼ਹਿਰ ਦੀ ਸੁੰਦਰਤਾ ਅਤੇ ਸਫਾਈ ਦਾ ਉਪਰਾਲਾ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ। ਬਾਬਾ ਜੀ ਨੇ ਕਿਹਾ ਕਿ ਗੁਰੂ ਨਗਰੀ ਨੂੰ ਆਉਣ ਵਾਲੇ ਰਸਤੇ ’ਚ ਡਿਵਾਈਡਰਾਂ ਦੀ ਸੰਭਾਲ ਕਰਨ ਤੇ ਫੁੱਲ ਲਗਾ ਕੇ ਉਨ੍ਹਾਂ ਉੱਤੇ ਲੋਹੇ ਦੇ ਜੰਗਲੇ ਬਣਾਏ ਜਾਣਗੇ ਜਿਸ ਨਾਲ ਰੋਜਾਨਾ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਹੋਵੇਗਾ ਅਤੇ ਸਫਾਈ ’ਤੇ ਸੁੰਦਰਤਾ ਵਧੇਗੀ । ਰੋਟਰੀ ਕਲੱਬ ਦੇ ਪ੍ਰਧਾਨ ਸੀਏ ਗੁਰਜਿੰਦਰ ਸਿੰਘ ਨੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਅਤੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਇਸ ਕੰਮ ਨੂੰ ਜਲਦੀ ਨੇਪਰੇ ਚਾੜਿਆ ਜਾਵੇਗਾ। ਟੁੱਟੇ ਹੋਏ ਡਿਵਾਈਡਰਾਂ ਦੀ ਰਿਪੇਅਰ ਕਰਕੇ ਅਤੇ ਉਨਾਂ ਨੂੰ ਉੱਚਾ ਚੁੱਕ ਕੇ ਉਨ੍ਹਾਂ ’ਚ ਨਵੀਂ ਮਿੱਟੀ ਅਤੇ ਖਾਦ ਪਾ ਕੇ ਬਹੁਤ ਹੀ ਸੁੰਦਰ ਫੁੱਲਾਂ ਦੇ ਬੂਟੇ ਲਗਾਏ ਜਾ ਰਹੇ ਹਨ ਤਾਂ ਜੋਂ ਡਿਵਾਈਡਰਾਂ ਦੇ ਵਿੱਚੋਂ ਅਵਾਰਾ ਪਸ਼ੂ , ਜਾਨਵਰ ਸੜਕ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਨਾ ਜਾ ਸਕਣ ਤਾਂ ਜੋ ਨਿਤ ਵਾਪਰਦੇ ਹਾਦਸਿਆਂ ਤੋ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਬੂਟਿਆਂ ਦੀ ਸਾਂਭ ਸੰਭਾਲ ਅਤੇ ਪਸ਼ੂਆਂ ਦੇ ਬਚਾ ਲਈ ਇਹਨਾਂ ਦੇ ’ਚ ਗਰਿੱਲ ਟਾਈਪ ਜੰਗਲੇ ਵੀ ਲਗਾਏ ਜਾਣਗੇ ਜਿਸ ਦੇ ਲਈ ਖਾਲਸਾ ਏਡ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾਕਟਰ ਪੀ ਜੇਐੱਸ ਕੰਗ, ਨਵਜੀਤ ਸਿੰਘ ਕਥੂਰੀਆ, ਸੁਖਦੀਪ ਸਿੰਘ ਗੋਲਡੀ, ਦਲਜੀਤ ਸਿੰਘ ਗੋਪਾ ਸਮੇਤ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੀ ਸੰਗਤ ਰੋਟਰੀ ਕਲੱਬ ਦੇ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।