ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਘਨੌਲੀ ਬੈਰੀਅਰ ’ਤੇ ਰੋਸ ਪ੍ਰਦਰਸ਼ਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਘਨੌਲੀ ਬੈਰੀਅਰ ’ਤੇ ਰੋਸ ਪ੍ਰਦਰਸ਼ਨ
Publish Date: Thu, 15 Oct 2026 06:42 PM (IST)
Updated Date: Thu, 15 Oct 2026 06:45 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸਮਾਜ ਸੇਵੀ ਅਤੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਅੱਜ ਘਨੌਲੀ ਬੈਰੀਅਰ ਵਿਖੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਘਟਨਾ ’ਤੇ ਗਹਿਰੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਾ ਸਮਾਜ ਸੇਵੀ ਸੀ। ਉਨ੍ਹਾਂ ਦੇ ਕਤਲ ਦੀ ਘਟਨਾ ਨੇ ਸਮਾਜ ਵਿੱਚ ਗੰਭੀਰ ਚਿੰਤਾ ਪੈਦਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਸਮਾਜ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪ੍ਰਦਰਸ਼ਨ ਦੌਰਾਨ ਰੋਸ ਜ਼ਾਹਰ ਕਰ ਰਹੇ ਲੋਕਾਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਸਮਾਜ ਸੇਵੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਬਿਨਾਂ ਕਿਸੇ ਦੇਰੀ ਦੇ ਇਨਸਾਫ਼ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇ।ਇਸ ਦੌਰਾਨ ਰੂਪਨਗਰ ਦੇ ਥਾਣਾ ਸਿਟੀ ਦੇ ਇੰਚਾਰਜ ਸਨੀ ਖੰਨਾ ਵੀ ਮੌਕੇ ’ਤੇ ਪਹੁੰਚੇ, ਪਰ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਜਾਰੀ ਰੱਖਿਆ ਅਤੇ ਇਨਸਾਫ਼ ਦੀ ਮੰਗ ਦੁਹਰਾਈ। ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ, ਕਾਂਗਰਸੀ ਆਗੂ ਅਮਨਦੀਪ ਸਿੰਘ ਲਾਲੀ, ਕਾਂਗਰਸੀ ਆਗੂ ਅਵਨੀਸ਼ ਮੋਦਗਿਲ, ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਭੂੱਟੋ, ਅਕਾਲੀ ਆਗੂ ਅਤੇ ਸਾਬਕਾ ਸਰਪੰਚ ਰਵਿੰਦਰ ਸਿੰਘ ਕਾਲਾ, ਗੁਰਦੀਪ ਸਿੰਘ ਲਹਿਰਾ, ਗੁਰਚਰਨ ਸਿੰਘ ਸਮੇਤ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।