ਰੋਪੜ-ਫ਼ਤਿਹਗੜ੍ਹ ਸਾਹਿਬ ਜ਼ੋਨਲ ਯੁਵਕ ’ਤੇ ਲੋਕ ਮੇਲਾ ਅੱਜ ਤੋਂ ਖਾਲਸਾ ਕਾਲਜ ਵਿੱਚ ਰੋਪੜ-ਫ਼ਤਿਹਗੜ੍ਹ ਸਾਹਿਬ ਜ਼ੋਨਲ ਯੁਵਕ ’ਤੇ ਲੋਕ ਮੇਲਾ ਅੱਜ ਤੋਂ
Publish Date: Thu, 15 Oct 2026 06:41 PM (IST)
Updated Date: Thu, 15 Oct 2026 06:42 PM (IST)
4 ਦਿਨਾਂ ਮੇਲੇ ਦੌਰਾਨ ਚਾਰ ਸਟੇਜਾਂ ’ਤੇ ਹੋਣਗੇ ਸੱਭਿਆਚਾਰਕ ਮੁਕਾਬਲੇ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਰੋਪੜ-ਫ਼ਤਿਹਗੜ੍ਹ ਸਾਹਿਬ ਜ਼ੋਨ ਦਾ ਚਾਰ ਰੋਜ਼ਾ ਯੁਵਕ ’ਤੇ ਲੋਕ ਮੇਲਾ 16 ਤੋਂ 19 ਅਕਤੂਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਅਤੇ ਡੀਨ ਸੱਭਿਆਚਾਰਕ ਮਾਮਲੇ ਡਾ. ਜਗਪਿੰਦਰਪਾਲ ਸਿੰਘ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਦਘਾਟਨੀ ਸਮਾਰੋਹ ਮੌਕੇ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਅਤੇ ਦਲਜੀਤ ਸਿੰਘ ਭਿੰਡਰ, ਮੈਂਬਰ ਅਜਮੇਰ ਸਿੰਘ ਖੇੜਾ, ਸਿੱਖਿਆ ਸਕੱਤਰ ਇੰਜਨੀਅਰ ਸੁਖਮਿੰਦਰ ਸਿੰਘ ਅਤੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੌਕੇ ਗਾਇਕ ਨਿਰਵੈਰ ਪੰਨੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮੇਲੇ ਦੇ ਦੂਜੇ ਦਿਨ 17 ਅਕਤੂਬਰ ਨੂੰ ਰੂਪਨਗਰ ਦੇ ਐੱਸਐੱਸਪੀ ਮਨਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਕੁਲਵਿੰਦਰ ਸਿੰਘ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਯੁਵਕ ਭਲਾਈ ਡਾਇਰੈਕਟਰ ਡਾ. ਸੁਖਜਿੰਦਰ ਰਿਸ਼ੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦਿਨ ਗਾਇਕ ਪੰਮਾ ਡੂਮੇਵਾਲ ਦਾ ਸਨਮਾਨ ਕੀਤਾ ਜਾਵੇਗਾ। 18 ਅਕਤੂਬਰ ਨੂੰ ਡਾ. ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਡਾਇਰੈਕਟਰ ਡਾ. ਅਮਨਦੀਪ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ‘ਪੀਟੀਸੀ ਵੁਆਇਸ ਆਫ਼ ਪੰਜਾਬ’ ਦੀ ਜੇਤੂ ਦੀਪ ਗਗਨ ਦਾ ਸਨਮਾਨ ਕੀਤਾ ਜਾਵੇਗਾ। 19 ਅਕਤੂਬਰ ਨੂੰ ਹੋਣ ਵਾਲੇ ਸਮਾਪਤੀ ਸਮਾਰੋਹ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਡਾ. ਦਲਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਚਾਰ ਸਟੇਜਾਂ ’ਤੇ ਚਾਰ ਦਿਨ 60 ਆਈਟਮਾਂ ਦੇ ਵੱਖੋ ਵੱਖਰੇ ਮੁਕਾਬਲੇ ਹੋਣਗੇ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 67 ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਮੇਲੇ ਦੌਰਾਨ ਵਿਦਿਆਰਥੀਆਂ ਦੀ ਕਲਾਤਮਕ ਪ੍ਰਤਿਭਾ ਨੂੰ ਉਭਾਰਨ ਲਈ ਚਾਰ ਸਟੇਜਾਂ ’ਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਕਾਲਜ ਦੇ ਮੈਦਾਨ ਵਿੱਚ ਸਥਾਪਤ ਪਹਿਲੀ ਸਟੇਜ ’ਤੇ ਭੰਗੜਾ, ਗਿੱਧਾ, ਸੰਮੀ, ਮਲਵਈ ਗਿੱਧਾ, ਲੁੱਡੀ, ਸਕਿੱਟ, ਇਕਾਂਗੀ ਨਾਟਕ, ਮਿਮਿਕਰੀ, ਰਵਾਇਤੀ ਪਹਿਰਾਵੇ ਦੀ ਪ੍ਰਦਰਸ਼ਨੀ ਅਤੇ ਸ਼ਾਸਤਰੀ ਨਾਚ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਦੂਜੀ ਸਟੇਜ ’ਤੇ ਸਮੂਹ ਸ਼ਬਦ ਗਾਇਨ, ਭਜਨ, ਸ਼ਾਸਤਰੀ ਸੰਗੀਤ, ਸੁਗਮ ਸੰਗੀਤ, ਗੀਤ, ਗ਼ਜ਼ਲ, ਪੱਛਮੀ ਸੰਗੀਤ, ਕੱਵਾਲੀ, ਲੋਕ ਗੀਤ, ਲੋਕ ਆਰਕੈਸਟਰਾ ਅਤੇ ਸ਼ਾਸਤਰੀ ਵਾਦਨ ਦੇ ਮੁਕਾਬਲੇ ਕਰਵਾਏ ਜਾਣਗੇ। ਕਾਨਫ਼ਰੰਸ ਹਾਲ ਅਤੇ ਖੁੱਲ੍ਹੇ ਮੰਚ ’ਤੇ ਤੀਜੀ ਸਟੇਜ ਦੌਰਾਨ ਜਨਰਲ ਕੁਇਜ਼, ਲੋਕਧਾਰਾ ਕੁਇਜ਼, ਲਘੂ ਫ਼ਿਲਮ, ਮੁਹਾਵਰੇਦਾਰ ਵਾਰਤਾਲਾਪ, ਵਾਦ-ਵਿਵਾਦ, ਭਾਸ਼ਣ, ਕਲੀ, ਵਾਰ ਅਤੇ ਕਵੀਸ਼ਰੀ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਬਲਾਕ-ਸੀ ਵਿੱਚ ਭੰਡਾਂ ਦੀਆਂ ਪੇਸ਼ਕਾਰੀਆਂ ਅਤੇ ਨੁੱਕੜ ਨਾਟਕ ਕਰਵਾਏ ਜਾਣਗੇ। ਨਵੀਂ ਇਮਾਰਤ ਵਿੱਚ ਚੌਥੀ ਸਟੇਜ ’ਤੇ ਕਰੋਸ਼ੀਆ, ਨਾਲਾ ਅਤੇ ਪੱਖੀ ਬੁਣਨਾ, ਗੁੱਡੀਆਂ-ਪਟੋਲੇ ਬਣਾਉਣਾ, ਰੱਸਾ ਵੱਟਣਾ, ਛਿੱਕੂ ਅਤੇ ਪੀੜ੍ਹੀ ਬੁਣਨਾ, ਇੰਨੂ ਤੇ ਖਿੱਦੋ ਬਣਾਉਣਾ, ਰੰਗੋਲੀ, ਮਿੱਟੀ ਦੇ ਮਾਡਲ ਬਣਾਉਣਾ, ਮਹਿੰਦੀ, ਚਿੱਤਰਕਾਰੀ, ਪੋਸਟਰ ਬਣਾਉਣ ਅਤੇ ਕਾਰਟੂਨਕਾਰੀ ਦੇ ਮੁਕਾਬਲੇ ਕਰਵਾਏ ਜਾਣਗੇ।ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਪੰਜਾਬ ਦੀਆਂ ਲੋਕ ਕਲਾਵਾਂ, ਸੰਗੀਤਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਪ੍ਰਫੁੱਲਤ ਕਰਨਾ ਹੈ। ਚਾਰ ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ।