ਐਕਟਿਵਾ ਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ 1 ਦੀ ਮੌਤ ਮੁੱਖ ਮਾਰਗ ’ਤੇ ਭਰਤਗੜ੍ਹ ਨਜ਼ਦੀਕ ਸੜਕ ਹਾਦਸੇ ਵਿੱਚ ਐਕਟਿਵਾ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਇੱਕ ਦੀ ਮੌਤ
Publish Date: Thu, 15 Oct 2026 05:31 PM (IST)
Updated Date: Thu, 15 Oct 2026 05:33 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤ ਸਾਹਿਬ ਰੂਪਨਗਰ ਮੁਖ ਮਾਰਗ ’ਤੇ ਭਰਤਗੜ ਸ੍ਰੀ ਪੀ ਐੱਮ ਸੀਨੀਅਰ ਸੈਕੰਡਰੀ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ ਜਿਸ ’ਚ ਇੱਕ ਐਕਟਿਵਾ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੱਜਣ ਸਿੰਘ ਉਮਰ 40 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਭਰਤਗੜ ਜੋ ਕਿ ਆਪਣੀ ਐਕਟੀਵਾ ਨੰਬਰ ਪੀਬੀ 12 ਏ ਵਾਈ 6221 ’ਤੇ ਸਵਾਰ ਹੋ ਕੇ ਸਰਾਏ ਹੋਟਲ ਭਰਤਗੜ ਸਾਈਡ ਜਾ ਰਿਹਾ ਸੀ ਜਦੋਂ ਉਹ ਸਰਵਿਸ ਰੋਡ ਦੇ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਇਸ ਦੀ ਟੱਕਰ ਹੋ ਗਈ। ਇਸ ਸਬੰਧੀ ਅਖਲੇਸ਼ ਕੁਮਾਰ ਉਮਰ 38 ਸਾਲ ਪੁੱਤਰ ਜਮਨਾ ਮਹਿਤੋ ਵਾਸੀ ਭਰਤਗੜ ਨੇ ਪੁਲਿਸ ਕੋਲ ਦਰਜ ਕਰਾਏ ਆਪਣੇ ਬਿਆਨਾਂ ’ਚ ਦੱਸਿਆ ਕਿ ਮੈਂ ਟਾਈਲ ਲਗਾਉਣ ਦਾ ਕੰਮ ਕਰਦਾ ਹਾਂ ਅਤੇ ਮੇਰਾ ਸਾਲਾ ਸੱਜਣ ਸਿੰਘ ਉਮਰ 36 ਸਾਲ ਪੁੱਤਰ ਬਲਵਿੰਦਰ ਸਿੰਘ ਵਾਸੀ ਭਰਤਗੜ੍ਹ ਜੋ ਕਿ ਮੇਰੇ ਨਾਲ ਹੀ ਟੈਂਪੂ ਨਾਲ ਢੋਆ-ਢੁਆਈ ਦਾ ਕੰਮ ਕਰਦਾ ਸੀ, ਉਨ੍ਹਾਂ ਕਿਹਾ ਕਿ ਮੈਂ ਆਪਣੇ ਸਕੂਟਰ ਦੀ ਮੁਰੰਮਤ ਕਰਵਾ ਰਿਹਾ ਸੀ ਤਾਂ ਸਾਹਮਣੇ ਤੋਂ ਮੇਰਾ ਸਾਲਾ ਸੱਜਣ ਸਿੰਘ ਆਪਣੀ ਐਕਟਿਵਾ ’ਤੇ ਆ ਰਿਹਾ ਸੀ ਤਾਂ ਸਾਹਮਣੇ ਤੋਂ ਇਕ ਤੇਜ਼ ਅਤੇ ਲਾਪਰਵਾਹੀ ਨਾਲ ਮੋਟਰਸਾਈਕਲ ਨੰਬਰ ਪੀ, ਬੀ 12 ਏ, ਬੀ 6439 ਜਿਸ ਨੂੰ ਦੁਰਗਾ ਦਾਸ ਵਾਸੀ ਭਰਤਗੜ੍ਹ ਚਲਾ ਰਿਹਾ ਸੀ। ਉਸਨੇ ਮੇਰੇ ਸਾਲੇ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੱਜਣ ਸਿੰਘ ਦਾ ਸਿਰ ਡਰੇਨ ਦੀ ਦੀਵਾਰ ਨਾਲ ਵੱਜਿਆ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਦੋਵੇਂ ਜਖਮੀਆਂ ਨੂੰ ਸੀਐਚਸੀ ਭਰਤਗੜ੍ਹ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਸੱਜਣ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਮੋਟਰਸਾਈਕਲ ਚਾਲਕ ਦੀ ਤੇਜ਼ ਰਫਤਾਰੀ ਅਤੇ ਲਾਪਰਵਾਹੀ ਕਾਰਨ ਵਾਪਰਿਆ ਹੈ ਇਸ ਲਈ ਉਸਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਭਰਤਗੜ ਚੌਂਕੀ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਵਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਇਸ ਤੇ ਮੁਕਦਮਾ ਨੰਬਰ 164 ਧਾਰਾ 281,106/1 ਦੇ ਤਹਿਤ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।