ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ
Publish Date: Thu, 15 Oct 2026 05:06 PM (IST)
Updated Date: Thu, 15 Oct 2026 05:09 PM (IST)
ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਮਿਲਿਆ ਭਰੋਸਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਆਮ ਆਦਮੀ ਕਲੀਨਿਕ ਸਾਂਝਾ ਫਰੰਟ, ਪੰਜਾਬ ਦੇ ਉੱਚ ਪੱਧਰੀ ਵਫ਼ਦ ਵੱਲੋਂ ਸੂਬਾ ਪ੍ਰਧਾਨ ਡਾ. ਤਲਵਿੰਦਰ ਪਾਲ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮੈਡੀਕਲ ਅਫ਼ਸਰਾਂ, ਫ਼ਾਰਮੇਸੀ ਅਫ਼ਸਰਾਂ ਅਤੇ ਕਲੀਨਿਕਲ ਅਸਿਸਟੈਂਟਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਵੱਲੋਂ ਇਹ ਮੰਗ ਪੱਤਰ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਸਿਹਤ ’ਤੇ ਪਰਿਵਾਰ ਭਲਾਈ ਵਿਭਾਗ ਦੀ ਸਪੈਸ਼ਲ ਸਕੱਤਰ ਅਤੇ ਕੌਮੀ ਸਿਹਤ ਮਿਸ਼ਨ, ਪੰਜਾਬ ਦੀ ਮਿਸ਼ਨ ਡਾਇਰੈਕਟਰ ਸੁਸ਼੍ਰੀ ਸਾਕਸ਼ੀ ਸਾਹਨੀ, ਆਈਏਐੱਸ ਅਤੇ ਡਾਇਰੈਕਟਰ ਸਿਹਤ ’ਤੇ ਪਰਿਵਾਰ ਭਲਾਈ ਸੇਵਾਵਾਂ, ਪੰਜਾਬ ਡਾ. ਹਿਤਿੰਦਰ ਕੌਰ ਨੂੰ ਦਿੱਤਾ ਗਿਆ। ਇਸ ਦੌਰਾਨ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਕਲੀਨਿਕ ਸਾਂਝਾ ਫਰੰਟ, ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਜੋਤ ਵੰਸ਼ ਸਿੰਘ ਨੇ ਦੱਸਿਆ ਕਿ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ’ਚ ਕੰਮ ਕਰ ਰਹੇ ਮੁਲਾਜ਼ਮ ਸਿਹਤ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ, ਇਸ ਲਈ ਉਨ੍ਹਾਂ ਦੀਆਂ ਸੇਵਾ ਸ਼ਰਤਾਂ, ਮਿਹਨਤਾਨੇ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੇ ਮਸਲਿਆਂ ਦਾ ਹੱਲ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਓਪੀਡੀ ਦੀ ਅਦਾਇਗੀ ’ਚ ਹੋਣ ਵਾਲੀ ਕਟੌਤੀ ਬੰਦ ਕਰਕੇ ਸਾਲ ਦੇ ਪੂਰੇ 365 ਦਿਨਾਂ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਰੈਗੂਲਰ ਅਤੇ ਕੌਮੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਦੀ ਤਰਜ਼ ’ਤੇ ਆਮ ਆਦਮੀ ਕਲੀਨਿਕਾਂ ਦੇ ਸਮੂਹ ਸਟਾਫ਼ ਦੇ ਪ੍ਰਤੀ ਮਰੀਜ਼ ਇਨਸੈਂਟਿਵ ’ਚ ਹਰ ਸਾਲ ਤਿੰਨ ਰੁਪਏ ਦਾ ਵਾਧਾ ਲਾਗੂ ਕਰਨ ਦੀ ਮੰਗ ਵੀ ਰੱਖੀ ਗਈ। ਡਾ. ਜੋਤ ਵੰਸ਼ ਸਿੰਘ ਅਨੁਸਾਰ, ਪਿਛਲੇ ਚਾਰ ਸਾਲਾਂ ਤੋਂ ਪ੍ਰਤੀ ਮਰੀਜ਼ ਇਨਸੈਂਟਿਵ ’ਚ ਵਾਧਾ ਨਾ ਹੋਣ ਕਾਰਨ ਮੁਲਾਜ਼ਮਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਹਿੰਗਾਈ ਨੂੰ ਧਿਆਨ ’ਚ ਰੱਖਦਿਆਂ ਮਿਹਨਤਾਨੇ ’ਚ ਵਾਜਬ ਵਾਧਾ ਕਰਕੇ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕਾ ਕਰਨ, ਬਿਨਾਂ ਠੋਸ ਕਾਰਨ ਨੌਕਰੀ ਤੋਂ ਹਟਾਉਣ ਦੀ ਕਾਰਵਾਈ ’ਤੇ ਰੋਕ ਲਗਾਉਣ ਅਤੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕਮੇਟੀ ਬਣਾਉਣ ਦੀ ਮੰਗ ਵੀ ਉਠਾਈ ਗਈ। ਵਫ਼ਦ ਨੇ ਐੱਮਸੀਐੱਚ, ਐੱਨਸੀਡੀ, ਟੀਬੀ ਸਕ੍ਰੀਨਿੰਗ, ਮਲੇਰੀਆ ਜਾਂਚ ਅਤੇ ਆਭਾ ਆਈਡੀ ਸਮੇਤ ਵਾਧੂ ਸਿਹਤ ਪ੍ਰੋਗਰਾਮਾਂ ਤਹਿਤ ਕੀਤੇ ਜਾਂਦੇ ਕੰਮਾਂ ਲਈ ਨਿਰਧਾਰਤ ਇਨਸੈਂਟਿਵ ਦੇਣ ਅਤੇ ਸਮੂਹ ਮੁਲਾਜ਼ਮਾਂ ਲਈ ਸਿਹਤ ਬੀਮਾ ਤੇ ਦੁਰਘਟਨਾ ਬੀਮਾ ਮੁਹੱਈਆ ਕਰਵਾਉਣ ਦਾ ਮੁੱਦਾ ਵੀ ਉਠਾਇਆ। ਇਸ ਮੌਕੇ ਮੈਡੀਕਲ ਅਫ਼ਸਰਾਂ ਦੀ ਕੋਰ ਕਮੇਟੀ ਵੱਲੋਂ ਡਾ. ਸਰਵਪ੍ਰੀਤ ਸਿੰਘ, ਡਾ. ਸਰਬਜੀਤ ਸਿੰਘ ਰਾਏ, ਡਾ. ਪ੍ਰੀਤੀਮਾ ਸਿੰਘ ਅਤੇ ਡਾ. ਜਸਪ੍ਰੀਤ ਕੌਰ ਤੋਂ ਇਲਾਵਾ ਫ਼ਾਰਮੇਸੀ ਅਫ਼ਸਰਾਂ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਅਤੇ ਕਲੀਨਿਕਲ ਅਸਿਸਟੈਂਟਾਂ ਦੀ ਸੂਬਾ ਪ੍ਰਧਾਨ ਬੀਬੀ ਜਸਵੀਰ ਕੌਰ ਵੀ ਵਫ਼ਦ ’ਚ ਸ਼ਾਮਲ ਸਨ। ਡਾ. ਜੋਤ ਵੰਸ਼ ਸਿੰਘ ਨੇ ਦੱਸਿਆ ਕਿ ਮਿਸ਼ਨ ਡਾਇਰੈਕਟਰ ਸੁਸ਼੍ਰੀ ਸਾਕਸ਼ੀ ਸਾਹਨੀ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਿਤਿੰਦਰ ਕੌਰ ਨੇ ਵਫ਼ਦ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਦੇ ਨਿਰਪੱਖ ਤੇ ਸਮਾਂਬੱਧ ਨਿਪਟਾਰੇ ਲਈ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਇਸ ਭਰੋਸੇ ਨੂੰ ਅਮਲੀ ਰੂਪ ਦਿੰਦਿਆਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਕੀਤਾ ਜਾਵੇਗਾ।