ਪੰਜਾਬ ਬੰਦ ਦੇ ਸੱਦੇ ਤਹਿਤ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਝੋਟੇ ਦੇ ਕਤਲ ਖ਼ਿਲਾਫ਼ ਪੰਜਾਬ ਬੰਦ ਦੇ ਦਿੱਤੇ ਸੱਦੇ ਤਹਿਤ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Thu, 15 Oct 2026 05:04 PM (IST)
Updated Date: Thu, 15 Oct 2026 05:06 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਅੱਜ ਇੱਥੇ ਵੱਖ ਵੱਖ ਪਾਰਟੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਸਥਾਨਕ ਪੰਜਾਬ ਨੈਸ਼ਨਲ ਬੈਂਕ ਮੂਹਰੇ ਮੇਨ ਰੋਡ ’ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਲੜਨ ਵਾਲਾ ਯੋਧਾ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਰਕਾਰੀ ਸ਼ੈਅ ’ਤੇ ਹੋਇਆ ਹੈ। ਪੰਜਾਬ ਅੰਦਰ ਮੌਜੂਦਾ ਸਰਕਾਰ ਨਸ਼ੇ ਬੰਦ ਕਰਨ ਲਈ ਲੋਕਾਂ ਨਾਲ ਵਾਅਦਾ ਕਰਕੇ ਸੱਤਾ ’ਤੇ ਆਈ ਸੀ। ਪਰ ਆਖਰੀ ਟਾਈਮ ਤੱਕ ਵੀ ਨਸ਼ੇ ਬੰਦ ਹੋਣੇ ਇੱਕ ਪਾਸੇ ਰਹੇ ਸਗੋਂ ਜਿਹੜੇ ਲੋਕ ਆਵਾਜ਼ ਚੁੱਕਦੇ ਉਨ੍ਹਾਂ ਨੂੰ ਸ਼ਰੇਆਮ ਗੋਲੀਆਂ ਨਾਲ ਮਾਰਿਆ ਜਾ ਰਿਹਾ ਹੈ, ਜਿਸ ਦੀ ਮਿਸਾਲ ਮਾਨਸਾ ਵਿਖੇ ਪਰਵਿੰਦਰ ਝੋਟੇ ਦੇ ਕਤਲ ਤੋਂ ਮਿਲ ਜਾਂਦੀ ਹੈ। ਹਾਲਾਂਕਿ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ, ਪਰ ਇਹ ਇੱਕ ਨਿਰਾ ਟਕਵੰਜ ਰਚਿਆ ਜਾ ਰਿਹਾ ਹੈ । ਇਸ ਮੌਕੇ ’ਤੇ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਬਰਾੜ, ਸੀਪੀਆਈਐੱਮ ਦੇ ਜਿਲ੍ਹਾ ਸੱਕਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ,ਹਰਤੇਗਬੀਰ ਸਿੰਘ ਤੇਗੀ, ਬਾਬਾ ਜਸਵੀਰ ਸਿੰਘ ਖਾਲਸਾ, ਨਾਜਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਪਰਮਿੰਦਰ ਝੋਟੇ ਦਾ ਕਤਲ ਨਸ਼ਾ ਤਸਕਰਾਂ ’ਤੇ ਕੁਝ ਸਿਆਸੀ ਅਨਸਰਾਂ ਦੀ ਮਿਲੀ ਭੁਗਤ ਨਾਲ ਹੋਇਆ ਹੈ। ਕਿਉਂਕਿ ਝੋਟਾ ਕਈ ਸਾਲਾਂ ਤੋਂ ਐਂਟੀ ਡਰੱਗਸ ਕਮੇਟੀ ਦੇ ਬੈਨਰ ਹੇਠ ਸੰਘਰਸ਼ ਕਰ ਰਿਹਾ ਸੀ। ਅੱਜ ਪੰਜਾਬ ਦੇ ਅੰਦਰ ਇਕੱਲੇ ਨੌਜਵਾਨ ਹੀ ਨਸ਼ਾ ਨਹੀਂ ਕਰਦੇ ਸਗੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਕੋਲੋਂ ਵੀ ਵੱਡੇ ਪੱਧਰ ’ਤੇ ਨਸ਼ਾ ਫੜਿਆ ਜਾ ਰਿਹਾ ਹੈ। ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ। ਅੱਜ ਲੋਕਾਂ ਨੂੰ ਆਪਣੇ ਪੁੱਤ ਬਚਾਉਣ ਲਈ ਯੁੱਧ ਲੜਨਾ ਪੈਣਾ।ਅੱਜ ਦੇ ਇਸ ਇਕੱਠ ’ਚ ਸੁਖਵਿੰਦਰ ਸਿੰਘ ਲਾਡੀ, ਤੇਲੂ ਸਿੰਘ, ਕਪਿਲ ਮਹਿੰਦਲੀ, ਮੱਖਣ ਕਾਲਸ, ਕੋਂਸਲ ਕੁਮਾਰ, ਭਗਵੰਤ ਸਿੰਘ ਮਟੌਰ, ਰਜਿੰਦਰ ਸਿੰਘ,ਰਿੰਕੂ ਕੁਮਾਰ, ਸੁਨੀਲ ਕੁਮਾਰ ਫੋਜੀ, ਹਰਭਜਨ ਸਿੰਘ ਦੁਆਬੀਆ, ਰਾਜਪਾਲ, ਜਗਜੀਤ ਸਿੰਘ, ਅਸ਼ੋਕ ਕੁਮਾਰ, ਸ਼ੁਭਮ ਮੋਦਗਿੱਲ ਸਮੇਤ ਹੋਰ ਸਾਥੀ ਵੱਡੀ ਗਿਣਤੀ ’ਚ ਹਾਜ਼ਰ ਸਨ।