ਰਾਮ ਦੇ ਰਾਜ ਤਿਲਕ ਦੇ ਐਲਾਨ ਦ੍ਰਿਸ਼ਾਂ ਦਾ ਭਾਵਪੂਰਨ ਮੰਚਨ ਨੂਰਪੁਰਬੇਦੀ ’ਚ ਰਾਮਲੀਲਾ ਦੀ ਪੰਜਵੀਂ ਨਾਈਟ ਦਾ ਕਮਲ ਚੌਹਾਨ ਟੇਢੇਵਾਲ ਨੇ ਕੀਤਾ ਉਦਘਾਟਨ
Publish Date: Thu, 15 Oct 2026 03:40 PM (IST)
Updated Date: Thu, 15 Oct 2026 03:42 PM (IST)
ਕਮਲ ਚੌਹਾਨ ਨੇ ਕੀਤਾ ਪੰਜਵੀਂ ਨਾਈਟ ਦਾ ਉਦਘਾਟਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਪੰਜਵੀਂ ਨਾਈਟ ਦਾ ਉਦਘਾਟਨ ਅਖਿਲ ਭਾਰਤੀਯ ਗੁੱਜਰ ਮਹਾਸਭਾ ਦੇ ਸੂਬਾ ਪ੍ਰਧਾਨ ਕਮਲ ਚੌਹਾਨ ਟੇਢੇਵਾਲ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਰਾਮਲੀਲਾ ਕਲੱਬ ਨੂੰ ਆਪਣੇ ਵੱਲੋਂ 21 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ। ਉਨ੍ਹਾਂ ਦੇ ਇਸ ਉਪਰਾਲੇ ਲਈ ਰਾਮਲੀਲਾ ਕਮੇਟੀ ਦੇ ਮੈਂਬਰਾਂ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਮਲ ਚੌਹਾਨ ਟੇਢੇਵਾਲ ਨੇ ਕਿਹਾ ਕਿ ਆਪਣੀ ਪੁਰਾਤਨ ਸੰਸਕ੍ਰਿਤੀ, ਧਾਰਮਿਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਸੇ ਨੂੰ ਜਿਊਂਦਾ ਰੱਖਣਾ ਸਮੇਂ ਦੀ ਅਹਿਮ ਲੋੜ ਹੈ। ਰਾਮਲੀਲਾ ਵਰਗੇ ਧਾਰਮਿਕ ਮੰਚਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ, ਧਰਮ ਅਤੇ ਸੰਸਕਾਰਾਂ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਮਰਿਆਦਾ, ਤਿਆਗ, ਸੱਚਾਈ, ਆਗਿਆਕਾਰੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਕਦਰ ਕਰਨ ਦੀ ਸਿੱਖਿਆ ਦਿੰਦਾ ਹੈ। ਅਜਿਹੇ ਸਮਾਗਮਾਂ ਰਾਹੀਂ ਨਾ ਸਿਰਫ਼ ਧਾਰਮਿਕ ਆਸਥਾ ਨੂੰ ਬਲ ਮਿਲਦਾ ਹੈ, ਸਗੋਂ ਸਮਾਜ ’ਚ ਆਪਸੀ ਭਾਈਚਾਰੇ ਅਤੇ ਸਦਭਾਵਨਾ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਕਮੇਟੀਆਂ ਵੱਲੋਂ ਆਪਣਾ ਕੀਮਤੀ ਸਮਾਂ ਦੇ ਕੇ ਇਸ ਪਰੰਪਰਾ ਨੂੰ ਨਿਰੰਤਰ ਅੱਗੇ ਵਧਾਉਣਾ ਸ਼ਲਾਘਾਯੋਗ ਕਾਰਜ ਹੈ। ਸਮਾਜ ਦੇ ਹਰ ਵਰਗ ਨੂੰ ਅਜਿਹੇ ਉਪਰਾਲਿਆਂ ’ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਸਾਡੀ ਅਮੀਰ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾ ਸਕੇ। ਰਾਮਲੀਲਾ ਦੀ ਪੰਜਵੀਂ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਰਾਮਾਇਣ ਦੇ ਵੱਖ-ਵੱਖ ਪ੍ਰਸੰਗਾਂ ਨੂੰ ਬਹੁਤ ਹੀ ਭਾਵਪੂਰਨ ਢੰਗ ਨਾਲ ਮੰਚ ’ਤੇ ਪੇਸ਼ ਕੀਤਾ ਗਿਆ। ਇਸ ਦੌਰਾਨ ਰਾਜਾ ਦਸ਼ਰਥ ’ਤੇ ਕੈਕਈ ਸੰਵਾਦ ਦ੍ਰਿਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਇਲਾਵਾ ਪ੍ਰਭੂ ਸ੍ਰੀ ਰਾਮ, ਮਾਤਾ ਕੌਸ਼ੱਲਿਆ ਅਤੇ ਮਾਤਾ ਸੀਤਾ ਵਿਚਕਾਰ ਹੋਏ ਸੰਵਾਦਾਂ ਦਾ ਵੀ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ ’ਤੇ ਅੰਤਿਮ ਸੀਨ ’ਚ ਸ਼੍ਰੀ ਰਾਮ ਨੂੰ 14 ਸਾਲਾਂ ਦਾ ਬਣਵਾਸ ਦਿੱਤਾ ਗਿਆ। ਕਲਾਕਾਰਾਂ ਨੇ ਆਪਣੇ ਅਭਿਨੈ, ਭਾਵਪੂਰਨ ਸੰਵਾਦਾਂ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਰਾਮਾਇਣ ਦੇ ਪ੍ਰਸੰਗਾਂ ਨੂੰ ਜੀਵੰਤ ਕਰ ਦਿੱਤਾ। ਰਾਜਾ ਦਸ਼ਰਥ ਦੇ ਰਾਜ ਤਿਲਕ ਸਬੰਧੀ ਐਲਾਨ ਅਤੇ ਇਸ ਨਾਲ ਜੁੜੀਆਂ ਪਰਿਵਾਰਕ ਭਾਵਨਾਵਾਂ ਨੂੰ ਦੇਖਦਿਆਂ ਦਰਸ਼ਕ ਪੂਰੀ ਤਰ੍ਹਾਂ ਮੰਚ ਨਾਲ ਜੁੜੇ ਰਹੇ। ਪੰਡਾਲ ’ਚ ਮੌਜੂਦ ਲੋਕਾਂ ਨੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਪ੍ਰਭੂ ਸ੍ਰੀ ਰਾਮ, ਕੁਮਾਰ ਵਿਸ਼ਵਾਸ ਨੇ ਮਾਤਾ ਸੀਤਾ, ਡਾ. ਓਕਾਰੇਸ਼ਵਰ ਸ਼ਰਮਾ ਨੇ ਲਕਸ਼ਮਣ, ਮਾਸਟਰ ਰਜਨੀਸ਼ ਸ਼ਰਮਾ ਨੇ ਰਾਜਾ ਦਸ਼ਰਥ, ਸ਼ਿਵ ਕੁਮਾਰ ਕੁੰਦਰਾ ਨੇ ਮੰਥਰਾ, ਧਰੁੱਵ ਹੱਲਣ ਨੇ ਵਸ਼ਿਸ਼ਟ, ਮਿੰਟੂ ਨੇ ਮਾਂ ਅਤੇ ਦਿਨੇਸ਼ ਕੁਮਾਰ ਜੋਲੀ ਨੇ ਮਾਤਾ ਕੌਸ਼ੱਲਿਆ ਦੀ ਭੂਮਿਕਾ ਨਿਭਾਈ। ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨੂੰ ਬਾਖੂਬੀ ਨਿਭਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਨਰਿੰਦਰ ਬੱਗਾ, ਡਾ. ਦਿਨੇਸ਼ ਹੱਲਣ, ਪਿੰਟੂ ਕਪੂਰ, ਸੋਨੂ ਦੀਵਾਨ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।