ਜੇਐੱਨਯੂ ਮਾਮਲਾ : ਬੀਜੇਪੀ ਮਹਿਲਾ ਮੋਰਚਾ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਜੇਐਨਯੂ ਵਿਦਿਆਰਥਣ ਦੇ ਉਤਪੀੜਨ ਮਾਮਲੇ 'ਚ ਕਾਂਗਰਸ ਦੀ ਚੁੱਪੀ ਖਿਲਾਫ ਭੜਕੀਆਂ ਔਰਤਾਂ
Publish Date: Wed, 14 Oct 2026 06:39 PM (IST)
Updated Date: Wed, 14 Oct 2026 06:42 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਦੇ ਮੁੱਦੇ ’ਤੇ ਅੱਜ ਨੰਗਲ ਵਿਖੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਮੰਡਲ ਨੰਗਲ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਦਿੱਲੀ ਦੀ ਜੇਐੱਨਯੂ ਦੀ ਇੱਕ ਵਿਦਿਆਰਥਣ ਨਾਲ ਕਾਂਗਰਸੀ ਸੰਸਦ ਮੈਂਬਰ ਵੱਲੋਂ ਕੀਤੇ ਗਏ ਕਥਿਤ ਜਬਰ-ਜਨਾਹ ਦੇ ਮਾਮਲੇ ’ਚ ਕਾਂਗਰਸ ਹਾਈਕਮਾਂਡ ਵੱਲੋਂ ਧਾਰੀ ਗਈ ਚੁੱਪੀ ਦੇ ਵਿਰੋਧ ’ਚ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਬੁਲੰਦ ਕਰਦਿਆਂ ਬੀਜੇਪੀ ਮਹਿਲਾ ਮੋਰਚਾ ਦੀਆਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਣੀਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਗੋਮਚਾ ਬਿਮੋਲ ’ਚ ਜੇਐੱਨਯੂ ਦੀ ਵਿਦਿਆਰਥਣ ਦੇ ਜਬਰ-ਜਨਾਹ ਦੇ ਗੰਭੀਰ ਦੋਸ਼ ਲੱਗੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਅਗਸਤ ਮਹੀਨੇ ’ਚ ਐੱਫਆਈਆਰ ਵੀ ਦਰਜ ਹੋ ਚੁੱਕੀ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਅਜੇ ਤੱਕ ਉਕਤ ਸੰਸਦ ਮੈਂਬਰ ਨੂੰ ਪਾਰਟੀ ਵਿੱਚੋਂ ਬਾਹਰ ਨਹੀਂ ਕੱਢਿਆ ਅਤੇ ਨਾ ਹੀ ਉਸ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ਕੀਤੀ ਹੈ। ਮਹਿਲਾ ਆਗੂਆਂ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਮੈਂ ਲੜਕੀ ਹਾਂ, ਲੜ ਸਕਦੀ ਹਾਂ ਅਤੇ ਨਾਰੀ ਸ਼ਕਤੀ’ ਦਾ ਨਾਅਰਾ ਦੇਣ ਵਾਲੀ ਪ੍ਰਿਯੰਕਾ ਗਾਂਧੀ ਹੁਣ ਕਿੱਥੇ ਹੈ? ਉਨ੍ਹਾਂ ਕਿਹਾ, ਕੀ ਕਾਂਗਰਸ ਨੇਤਾਵਾਂ ਨੂੰ ਸਿਰਫ਼ ਔਰਤਾਂ ਦਾ ਵੋਟ ਬੈਂਕ ਚਾਹੀਦਾ ਹੈ, ਔਰਤਾਂ ਦਾ ਸਨਮਾਨ ਨਹੀਂ? ਜਦੋਂ ਉਨ੍ਹਾਂ ਦੀ ਆਪਣੀ ਪਾਰਟੀ ਦਾ ਸੰਸਦ ਮੈਂਬਰ ਅਜਿਹੀ ਘਿਨੌਣੀ ਹਰਕਤ ਕਰਦਾ ਹੈ ਤਾਂ ਸਾਰੇ ਚੁੱਪ ਕਿਉਂ ਹਨ? ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਜਦੋਂ ਮਈ ਮਹੀਨੇ ’ਚ ਕੁਝ ਔਰਤਾਂ ਨੇ ਇਸ ਸੰਸਦ ਮੈਂਬਰ ਖਿਲਾਫ ਆਵਾਜ਼ ਉਠਾਉਣ ਅਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਤਾਂ ਕਾਂਗਰਸੀ ਵਰਕਰਾਂ ਵੱਲੋਂ ਉਨ੍ਹਾਂ ਔਰਤਾਂ ਨਾਲ ਧੱਕਾ-ਮੁੱਕੀ ਕੀਤੀ ਗਈ, ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਮੁੜ ਉੱਥੇ ਨਾ ਆਉਣ। ਬੀਜੇਪੀ ਮਹਿਲਾ ਮੋਰਚਾ ਮੰਡਲ ਨੰਗਲ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਪਾਰਟੀ ਦੀ ਔਰਤ ਹੋਵੇ, ਉਸਦਾ ਸਨਮਾਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀ ਸੰਸਦ ਮੈਂਬਰ ਖਿਲਾਫ ਸਖ਼ਤ ਕਾਰਵਾਈ ਨਹੀਂ ਹੁੰਦੀ, ਬੀਜੇਪੀ ਮਹਿਲਾ ਮੋਰਚਾ ਵੱਲੋਂ ਪੂਰੇ ਦੇਸ਼ ਅਤੇ ਹਰ ਸ਼ਹਿਰ ’ਚ ਇਸੇ ਤਰ੍ਹਾਂ ਰੈਲੀਆਂ ਅਤੇ ਪੁਤਲੇ ਫੂਕ ਕੇ ਪ੍ਰਦਰਸ਼ਨ ਜਾਰੀ ਰਹਿਣਗੇ।