ਹਰਸ਼ਦੀਪ ਕੌਰ ਨੇ ਨੀਟ ’ਚ ਸਫ਼ਲਤਾ ਹਾਸਲ ਕਰਕੇ ਐੱਮਬੀਬੀਐੱਸ ’ਚ ਲਿਆ ਦਾਖ਼ਲਾ ਮਧੂਵਨ ਸਕੂਲ ਦੀ ਹਰਸ਼ਦੀਪ ਕੌਰ ਨੇ ਨੀਟ ’ਚ ਸਫ਼ਲਤਾ ਹਾਸਲ ਕਰਕੇ ਐਮਬੀਬੀਐਸ ’ਚ ਲਿਆ ਦਾਖ਼ਲਾ
Publish Date: Wed, 14 Oct 2026 04:45 PM (IST)
Updated Date: Wed, 14 Oct 2026 04:48 PM (IST)
ਦਿਨੇਸ਼ ਹੱਲਣ ਪੰਜਾਬੀ, ਜਾਗਰਣ, ਨੂਰਪੁਰਬੇਦੀ : ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਦੀ ਵਿਦਿਆਰਥਣ ਹਰਸ਼ਦੀਪ ਕੌਰ ਨੇ ਨੀਟ ਦੀ ਪ੍ਰੀਖਿਆ ’ਚ ਸਫ਼ਲਤਾ ਹਾਸਲ ਕਰਕੇ ਐੱਮਬੀਬੀਐੱਸ ਦੇ ਮੈਡੀਕਲ ਕੋਰਸ ’ਚ ਦਾਖ਼ਲਾ ਪ੍ਰਾਪਤ ਕੀਤਾ ਹੈ। ਉਸ ਨੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀ.ਆਈ.ਐੱਮ.ਐੱਸ.), ਜਲੰਧਰ ਵਿਖੇ ਸੀਟ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਹੈ। ਹਰਸ਼ਦੀਪ ਕੌਰ ਦੀ ਇਸ ਸਫ਼ਲਤਾ ’ਤੇ ਸਕੂਲ ਪਹੁੰਚਣ ਸਮੇਂ ਪ੍ਰਬੰਧਕਾਂ ਅਤੇ ਸਟਾਫ਼ ਵੱਲੋਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥਣ ਦਾ ਸਨਮਾਨ ਕਰਦਿਆਂ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਕੂਲ ਸਟਾਫ਼ ਨੇ ਹਰਸ਼ਦੀਪ ਕੌਰ ਦੇ ਪਿਤਾ ਬਲਵੀਰ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਨੀਟ ਵਰਗੀ ਦੇਸ਼ ਪੱਧਰੀ ਮੁਕਾਬਲੇ ਦੀ ਪ੍ਰੀਖਿਆ ’ਚ ਸਫ਼ਲਤਾ ਹਾਸਲ ਕਰਕੇ ਮੈਡੀਕਲ ਖੇਤਰ ’ਚ ਦਾਖ਼ਲਾ ਲੈਣਾ ਵਿਦਿਆਰਥਣ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਉਨ੍ਹਾਂ ਅਨੁਸਾਰ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਹਰਸ਼ਦੀਪ ਕੌਰ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਉਮੀਦ ਜਤਾਈ ਕਿ ਉਹ ਭਵਿੱਖ ’ਚ ਇੱਕ ਕਾਬਲ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰੇਗੀ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਪ੍ਰਿੰਸੀਪਲ ਦੀਪਿਕਾ ਪੁਰੀ, ਮੈਡਮ ਨੂ ਕੌਸ਼ਲ, ਸੁਰੇਖਾ ਰਾਣਾ, ਨੀਸ਼ਾ, ਵਿਵੇਕ, ਅਤੁਲ, ਅਮਨਦੀਪ ਕੌਰ, ਸ਼ਿਵਾਨੀ ਪੁਰੀ, ਖੁਸ਼ਵੰਤ ਕੌਰ, ਰਮਾ ਸ਼ਰਮਾ ਅਤੇ ਕੁਲਦੀਪ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।