- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਜ. ਜਸਵੰਤ ਸਿੰਘ ਝੱਜ ਤਰੱਕੀ ਉਪਰੰਤ ਬਣੇ ਐੱਸ.ਡੀ.ਓ.

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵੱਲੋਂ ਪਿੰਡ ਰਾਏਪੁਰ (ਝੱਜ) ਦੇ ਵਸਨੀਕ ਇੰਜੀਨੀਅਰ ਜਸਵੰਤ ਸਿੰਘ ਝੱਜ ਨੂੰ ਤਰੱਕੀ ਦੇ ਕੇ ਐੱਸ.ਡੀ.ਓ. ਨਿਯੁਕਤ ਕੀਤਾ ਗਿਆ ਹੈ। ਤਰੱਕੀ ਮਿਲਣ ਉਪਰੰਤ ਉਨ੍ਹਾਂ ਦੀ ਤਾਇਨਾਤੀ ਵੰਡ ਉਪ ਮੰਡਲ ਸੜੋਆ ਵਿਖੇ ਹੀ ਕੀਤੀ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇੰਜੀਨੀਅਰ ਜਸਵੰਤ ਸਿੰਘ ਝੱਜ ਇਸ ਤੋਂ ਪਹਿਲਾਂ ਵੰਡ ਉਪ ਮੰਡਲ ਸੜੋਆ ਵਿਖੇ ਬਤੌਰ ਵਧੀਕ ਸਹਾਇਕ ਇੰਜੀਨੀਅਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੰਡ ਉਪ ਮੰਡਲ ਬਲਾਚੌਰ ਵਿਖੇ ਵੀ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ। ਬਿਜਲੀ ਵਿਭਾਗ ’ਚ ਸੇਵਾਵਾਂ ਦੌਰਾਨ ਉਨ੍ਹਾਂ ਦੇ ਕੰਮ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਵੰਡ ਮੰਡਲ ਗੜ੍ਹਸ਼ੰਕਰ ਵਿਖੇ ਤਾਇਨਾਤ ਵਧੀਕ ਨਿਗਰਾਨ ਇੰਜੀਨੀਅਰ ਸੁਮਿਤ ਧਵਨ ਨੇ ਉਨ੍ਹਾਂ ਨੂੰ ਤਰੱਕੀ ਮਿਲਣ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਇੰਜੀਨੀਅਰ ਜਸਵੰਤ ਸਿੰਘ ਝੱਜ ਵੱਲੋਂ ਬਲਾਚੌਰ ਅਤੇ ਸੜੋਆ ਵਿਖੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ।
ਜ਼ਿਕਰਯੋਗ ਹੈ ਕਿ ਇੰਜੀਨੀਅਰ ਜਸਵੰਤ ਸਿੰਘ ਝੱਜ ਪਿੰਡ ਰਾਏਪੁਰ ਦੇ ਨੰਬਰਦਾਰ ਹੁਸਨ ਸਿੰਘ ਦੇ ਸਪੁੱਤਰ ਹਨ। ਉਨ੍ਹਾਂ ਦੀ ਤਰੱਕੀ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਤੋਂ ਇਲਾਵਾ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਵੱਲੋਂ ਵੀ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।