- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀ, ਐਚ, ਸੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਜਪਾ ਆਗੂ ਦੇ ਸਵਾਲਾਂ ਤੋਂ ਬਾਅਦ ਭਖੀ ਸਿਆਸਤ

ਟੀਮ ਆਪ ਨੇ ਹਸਪਤਾਲ ’ਚ ਮਿਲਣ ਵਾਲੀਆਂ ਸੁਵਿਧਾਵਾਂ ਦਾ ਦਿੱਤਾ ਵੇਰਵਾ
ਜਲਦ ਮਿਲਣਗੀਆਂ 24 ਘੰਟੇ ਐਮਰਜੈਂਸੀ ਸੇਵਾਵਾਂ : ਕਮਿੱਕਰ ਸਿੰਘ ਡਾਢੀ
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਸੁਭਾਸ਼ ਸ਼ਰਮਾ ਵੱਲੋਂ ਸਾਥੀਆਂ ਨਾਲ ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦਾ ਦੌਰਾ ਕੀਤਾ ਗਿਆ ਅਤੇ ਮੌਜੂਦਾ ਸੱਤਾਧਾਰੀ ਧਿਰ ’ਤੇ ਸਵਾਲ ਚੁੱਕੇ ਅਤੇ ਦੋ ਵਜੇ ਤੋਂ ਬਾਅਦ ਬੰਦ ਪਿਆ ਹਸਪਤਾਲ ਦਿਖਾਇਆ ਗਿਆ ਸੀ। ਇਸ ਸਬੰਧੀ ਹਲਕਾ ਵਿਧਾਇਕ ’ਤੇ ਵੀ ਤਿੱਖੇ ਹਮਲੇ ਕੀਤੇ ਗਏ ਸਨ।
ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਟੀਮ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਐੱਸਸੀ ਕਮਿਸ਼ਨ ਪੰਜਾਬ ਮੈਂਬਰ ਕਮਿੱਕਰ ਸਿੰਘ ਡਾਢੀ ਦੀ ਅਗਵਾਈ ’ਚ ਮੁੱਢਲਾ ਸਿਹਤ ਕੇਂਦਰ ਪਹੁੰਚ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਪੀਐੱਚਸੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਦੀ ਬਿਲਡਿੰਗ ਲਗਭਗ 1973 ’ਚ ਕਾਂਗਰਸੀ ਆਗੂ ਮਰਹੂਮ ਗਿਆਨੀ ਜੈਲ ਸਿੰਘ ਬਣਵਾਈ ਗਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਵਾਰ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਰਹੀ ਹੈ। ਸੰਨ 2005 ’ਚ ਇਹ ਬਿਲਡਿੰਗ ਦੀ ਜਰਜਰ ਹਾਲਤ ਨੂੰ ਦੇਖਦੇ ਹੋਏ ਅਣਸੇਫ ਐਲਾਨੀ ਗਈ ਉਦੋਂ ਭਾਰਤੀ ਜਨਤਾ ਪਾਰਟੀ ਵਿਧਾਇਕ ਅਤੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਸੀਐਚਸੀ ਦਾ ਉਦਘਾਟਨ ਵੀ ਕੀਤਾ ਗਿਆ ਅਤੇ ਸਥਾਨਕ ਲੋਕਾਂ ਨੂੰ 24 ਘੰਟੇ ਐਮਰਜੈਂਸੀ ਸੇਵਾਵਾਂ ਦਾ ਐਲਾਨ ਵੀ ਕੀਤਾ ਗਿਆ ਪਰ ਇਹ ਐਮਰਜੈਂਸੀ ਸੇਵਾਵਾਂ ਕਾਨੂੰਨੀ ਤੌਰ ’ਤੇ ਲਾਗੂ ਨਹੀਂ ਸਨ ਕਿਉਂਕਿ ਡਾਕਟਰਾਂ ਦੀ ਰਿਹਾਇਸ਼ ਇੱਥੇ ਸੀ ਇਸ ਲਈ ਐਮਰਜੈਂਸੀ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮਿਲ ਰਹੀਆਂ ਸਨ, ਪਰ ਉਸ ਤੋਂ ਬਾਅਦ ਸੀਐੱਚਸੀ ਭਰਤਗੜ੍ਹ ਬਣਾ ਦਿੱਤੀ ਗਈ ਅਤੇ ਸ਼੍ਰੀ ਕੀਰਤਪੁਰ ਸਾਹਿਬ ਨੂੰ ਪੀਐੱਚਸੀ ਬਣਾਇਆ ਗਿਆ।
ਇਸ ਸਬੰਧੀ ਡਾਢੀ ਨੇ ਦੱਸਿਆ ਕਿ ਸੰਨ 2022 ’ਚ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਸਥਾਨਕ ਲੋਕਾਂ ਨਾਲ ਐਮਰਜੈਂਸੀ ਸੇਵਾਵਾਂ ਚਲਾਉਣ ਦਾ ਵਾਅਦਾ ਕੀਤਾ ਗਿਆ ਸੀ ਜੋ ਹੁਣ ਜਲਦ ਹੀ ਪੂਰਾ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਦੀ ਬਿਲਡਿੰਗ ’ਤੇ ਲਗਭਗ ਢਾਈ ਕਰੋੜ ਖਰਚੇ ਗਏ ਅਤੇ ਪੂਰੀ ਬਿਲਡਿੰਗ ਦੀ ਰਿਪੇਅਰ ਸਮੇਤ ਨਵੀਂ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ, ਜੋ ਜਲਦ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕ ਚਲਾਇਆ ਗਿਆ ਜਿੱਥੇ ਲੋਕਾਂ ਨੂੰ ਮੁਫਤ ਦਵਾਈਆਂ ਦੇ ਨਾਲ ਨਾਲ ਟੈਸਟ ਵੀ ਫਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਸਿਆਸੀ ਲਾਹਾ ਲੈਣ ਲਈ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਵੱਲੋਂ ਪਿਛਲੇ 50 ਸਾਲਾਂ ’ਚ ਹਸਪਤਾਲ ’ਚ ਇੱਕ ਇੱਟ ਵੀ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਹਰ ਪਾਰਟੀ ਵੱਲੋਂ ਇਸ ’ਤੇ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ ਜਦੋਂ ਕਿ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂਵਾ ਮਿਲ ਰਹੀਆਂ ਹਨ।
ਇਸ ਸਬੰਧੀ ਮੈਡੀਕਲ ਅਫਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਰੋਜਾਨਾ 150 ਤੋਂ 180 ਮਰੀਜ਼ਾਂ ਨੂੰ ਓਪੀਡੀ ਦੌਰਾਨ ਇਲਾਜ ਦਿੱਤਾ ਜਾਂਦਾ ਹੈ ਜਦੋਂ ਕਿ ਰੋਜ਼ਾਨਾ 15 ਤੋਂ 20 ਮਰੀਜ਼ਾਂ ਨੂੰ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ 30 ਤੋਂ 50 ਮਰੀਜ਼ ਹੀ ਆਉਂਦੇ ਸਨ। ਉਨ੍ਹਾਂ ਦੱਸਿਆ ਕਿ 180 ਤਰਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ 33 ਟੈਸਟ ਮਰੀਜ਼ਾਂ ਦੇ ਫਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐਕਸਰੇ ਮਸ਼ੀਨਾਂ ਸਮੇਤ ਆਧੁਨਿਕ ਮਸ਼ੀਨਾਂ ਉਪਲਬਧ ਹੋ ਰਹੀਆਂ ਹਨ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਹਦਾਇਤਾਂ ਅਨੁਸਾਰ ਜੇਕਰ ਕੋਈ ਦਵਾਈ ਉਪਲਬਧ ਨਾ ਹੋਵੇ ਤਾਂ ਦਸੰਬਰ ਮਹੀਨੇ ਤੱਕ ਫੰਡ ਪਏ ਹਨ ਫੰਡਾਂ ਨੂੰ ਵਰਤ ਕੇ ਬਾਹਰੋਂ ਦਵਾਈਆਂ ਖਰੀਦ ਕੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗਰਮੀਆਂ ਸਮੇਂ ਓਪੀਡੀ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੈ ਜਦੋਂ ਕਿ ਸਰਦੀਆਂ ’ਚ 9 ਵਜੇ ਤੋਂ ਤਿੰਨ ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਦੋ ਵਜੇ ਤੋਂ ਬਾਅਦ ਹਸਪਤਾਲ ਦਾ ਦੌਰਾ ਕਰਨ ਆਏ ਸਨ। ਉਨ੍ਹਾਂ ਦੱਸਿਆ ਕਿ ਮੁਢਲੀ ਸਹਾਇਤਾਂ ਤੋ ਬਾਅਦ ਮਰੀਜ਼ਾਂ ਦੇ ਰੈਫਰ ਲਈ ਜਲਦ ਹੀ ਐਬੂਲੈਂਸ ਉਪਲਬਧ ਹੋ ਰਹੀ ਹੈ।
ਇਸ ਮੌਕੇ ਆਪ ਆਗੂਆਂ ਵੱਲੋਂ ਦੱਸਿਆ ਗਿਆ ਕਿ ਐਮਰਜੈਂਸੀ ਸੇਵਾਵਾਂ ਲਈ ਪ੍ਰਕਿਰਿਆ ਚੱਲ ਰਹੀ ਹੈ ਕਿਉਂਕਿ ਕਾਨੂੰਨ ਅਨੁਸਾਰ ਸੀਐੱਚਸੀ ਦੇ ਦਸ ਕਿਲੋਮੀਟਰ ਦੇ ਏਰੀਏ ’ਚ ਐਮਰਜੈਂਸੀ ਸੇਵਾਵਾਂ ਸ਼ੁਰੂ ਨਹੀਂ ਕੀਤੀਆਂ ਜਾ ਸਕਦੀਆਂ ਪਰ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨਿੱਜੀ ਦਿਲਚਸਪੀ ਲੈ ਕੇ ਲੋਕਾਂ ਨਾਲ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਨ ਦਾ ਵਾਅਦਾ ਪੂਰਾ ਕਰਨਗੇ।
ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਰਮੀਤ ਸਿੰਘ ਟੀਨਾ, ਬਲਾਕ ਪ੍ਰਧਾਨ ਗਫੂਰ ਮੁਹੰਮਦ, ਗੁਰਪ੍ਰੀਤ ਸਿੰਘ ਅਰੋੜਾ, ਐਮਸੀ ਜਗਤਾਰ ਸਿੰਘ ਸੈਣੀ, ਐਮਸੀ ਗੁਰਨਾਮ ਸਿੰਘ, ਪਰਮਿੰਦਰ ਸਿੰਘ ਜਿੰਮੀ, ਕੁਲਵੰਤ ਸਿੰਘ, ਪੰਡਿਤ ਰਾਧਾ ਮੋਹਣ, ਗੁਰਮੁਖ ਸਿੰਘ, ਚੰਦਰ ਮੋਹਨ, ਆਪ ਆਗੂ ਰਜਿੰਦਰ ਸੈਣੀ, ਬਲਾਕ ਮਹਿਲਾ ਪ੍ਰਧਾਨ ਪ੍ਰਕਾਸ਼ ਕੌਰ, ਤੇਜਵੀਰ ਸਿੰਘ ਜਗੀਰਦਾਰ, ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਆਪ ਆਗੂ ਅਤੇ ਮੁੱਢਲਾ ਸਿਹਤ ਕੇਂਦਰ ਸਟਾਫ ਹਾਜ਼ਰ ਸੀ।