ਸੀਤਾ ਵਿਦਾਇਗੀ ਦੇ ਦ੍ਰਿਸ਼ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ ਨੂਰਪੁਰਬੇਦੀ ’ਚ ਰਾਮਲੀਲਾ ਦੀ ਚੌਥੀ ਨਾਈਟ ਦਾ ਦਰਬਾਰਾ ਸਿੰਘ ਬਾਲਾ ਨੇ ਕੀਤਾ ਉਦਘਾਟਨ
Publish Date: Wed, 14 Oct 2026 03:53 PM (IST)
Updated Date: Wed, 14 Oct 2026 03:57 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਚੌਥੀ ਨਾਈਟ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਰਾਮਲੀਲਾ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਮਲੀਲਾ ਸਾਡੀ ਅਮੀਰ ਧਾਰਮਿਕ ਵਿਰਾਸਤ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ, ਤਿਆਗ, ਮਰਿਆਦਾ ਅਤੇ ਬੁਰਾਈ ਉੱਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਧਰਮ, ਸੰਸਕਾਰਾਂ ਅਤੇ ਸੱਭਿਆਚਾਰ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰਾਮਲੀਲਾ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਮਹਾਨ ਇਤਿਹਾਸ ਅਤੇ ਧਾਰਮਿਕ ਪਾਤਰਾਂ ਦੇ ਆਦਰਸ਼ਾਂ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਨੇ ਰਾਮਲੀਲਾ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਇਸ ਧਾਰਮਿਕ ਪਰੰਪਰਾ ਨੂੰ ਨਿਰੰਤਰ ਜਾਰੀ ਰੱਖਣ ਲਈ ਵਧਾਈ ਦਿੱਤੀ। ਰਾਮਲੀਲਾ ਦੀ ਚੌਥੀ ਨਾਈਟ ਦੌਰਾਨ ਪ੍ਰਭੂ ਸ੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਦਾ ਬਹੁਤ ਹੀ ਸੁੰਦਰ ਅਤੇ ਸਫਲਤਾਪੂਰਵਕ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੇ ਪ੍ਰਭਾਵਸ਼ਾਲੀ ਅਭਿਨੈ ਅਤੇ ਭਾਵਪੂਰਨ ਸੰਵਾਦਾਂ ਰਾਹੀਂ ਵਿਆਹ ਦੇ ਪਵਿੱਤਰ ਪ੍ਰਸੰਗ ਨੂੰ ਜੀਵੰਤ ਕਰ ਦਿੱਤਾ। ਜਦੋਂ ਪ੍ਰਭੂ ਸ੍ਰੀ ਰਾਮ ਅਤੇ ਮਾਤਾ ਸੀਤਾ ਦੇ ਵਿਆਹ ਦੀਆਂ ਰਸਮਾਂ ਪੇਸ਼ ਕੀਤੀਆਂ ਗਈਆਂ ਤਾਂ ਪੂਰਾ ਪੰਡਾਲ ਭਗਤੀ ਅਤੇ ਸ਼ਰਧਾ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਇਸ ਨਾਈਟ ਦਾ ਸਭ ਤੋਂ ਭਾਵੁਕ ਪਲ ਸੀਤਾ ਵਿਦਾਇਗੀ ਦਾ ਦ੍ਰਿਸ਼ ਰਿਹਾ। ਪਿਤਾ ਰਾਜਾ ਜਨਕ ਦੇ ਘਰੋਂ ਵਿਦਾ ਹੁੰਦੀ ਮਾਤਾ ਸੀਤਾ ਦੇ ਦ੍ਰਿਸ਼ ਨੇ ਧੀ ਦੇ ਵਿਛੋੜੇ, ਪਿਤਾ ਦੇ ਮੋਹ ਅਤੇ ਪਰਿਵਾਰਕ ਰਿਸ਼ਤਿਆਂ ਦੀ ਡੂੰਘਾਈ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਵਿਦਾਇਗੀ ਸਮੇਂ ਪੇਸ਼ ਕੀਤੇ ਗਏ ਭਾਵਪੂਰਨ ਸੰਵਾਦਾਂ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਅਤੇ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਦ੍ਰਿਸ਼ ਨੇ ਧੀਆਂ ਦੇ ਪਿਆਰ, ਮਾਪਿਆਂ ਦੇ ਸਨੇਹ ਅਤੇ ਵਿਦਾਇਗੀ ਵੇਲੇ ਪਰਿਵਾਰ ਦੇ ਮਨ ’ਚ ਉੱਠਣ ਵਾਲੀਆਂ ਭਾਵਨਾਵਾਂ ਨੂੰ ਸਾਕਾਰ ਕਰ ਦਿੱਤਾ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਪ੍ਰਭੂ ਸ੍ਰੀ ਰਾਮ, ਕੁਮਾਰ ਵਿਸ਼ਵਾਸ ਨੇ ਮਾਤਾ ਸੀਤਾ, ਡਾ. ਓਕਾਰੇਸ਼ਵਰ ਸ਼ਰਮਾ ਨੇ ਲਕਸ਼ਮਣ, ਮਾਸਟਰ ਰਜਨੀਸ਼ ਸ਼ਰਮਾ ਨੇ ਰਾਜਾ ਜਨਕ, ਸ਼ਿਵ ਕੁਮਾਰ ਕੁੰਦਰਾ ਨੇ ਰਾਜਾ ਦਸ਼ਰਥ, ਦਿਨੇਸ਼ ਕੁਮਾਰ ਨੇ ਭਰਤ, ਸਮਰ ਨੇ ਵਸ਼ਿਸ਼ਟ, ਧਰੁੱਵ ਹੱਲਣ ਨੇ ਵਿਸ਼ਵ ਪਵਿੱਤਰ, ਮਿੰਟੂ ਨੇ ਮਾਂ ਦੀ ਅਤੇ ਸੋਨੀ ਕਾਲੜਾ ਨੇ ਪੰਡਿਤ ਦੀ ਭੂਮਿਕਾ ਨਿਭਾਈ। ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨੂੰ ਬਾਖੂਬੀ ਨਿਭਾਉਂਦਿਆਂ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਨਰਿੰਦਰ ਬੱਗਾ, ਡਾ ਦਿਨੇਸ਼ ਹੱਲਣ, ਪਿੰਟੂ ਕਪੂਰ , ਸੋਨੂ ਦੀਵਾਨ, ਸੂਰਜ ਸ਼ਰਮਾ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।