- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਨੇ ਸਾਕਾਰ ਕਰਨ ਲਈ ਮਿਹਨਤ ਤੇ ਲਗਨ ਜ਼ਰੂਰੀ: ਸੁਖਪਾਲ ਕੌਰ

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਵਿਸ਼ਵ ਵਿਦਿਆਰਥੀ ਦਿਵਸ ਦੇ ਸਬੰਧ ’ਚ ਇਲਾਕੇ ਦੇ ਪ੍ਰਸਿੱਧ ਅਤੇ ਸਭ ਤੋਂ ਪੁਰਾਣੇ ਐੱਸਜੀਐੱਸ. ਖਾਲਸਾ ਸਕੂਲ ਦੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਅਨਮੋਲ ਸਰਮਾਇਆ ਅਤੇ ਭਵਿੱਖ ਦੇ ਨਿਰਮਾਤਾ ਹਨ। ਉਨ੍ਹਾਂ ਦੀ ਸਹੀ ਸਿੱਖਿਆ, ਸ਼ਖ਼ਸੀਅਤ ਦਾ ਵਿਕਾਸ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਮਜ਼ਬੂਤੀ ਦੇਸ਼ ਦੀ ਤਰੱਕੀ ਲਈ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਜਨਮ ਦਿਵਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਡਾ. ਕਲਾਮ ਨੇ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਦੁਨੀਆ ’ਚ ਭਾਰਤ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਨਿਰੰਤਰ ਮਿਹਨਤ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।
ਪ੍ਰਿੰਸੀਪਲ ਵਾਲੀਆ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਯੁੱਗ ’ਚ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ’ਚ ਆਤਮ-ਵਿਸ਼ਵਾਸ, ਸਿਰਜਣਾਤਮਕ ਸੋਚ, ਅਨੁਸ਼ਾਸਨ, ਤਕਨੀਕੀ ਸਮਝ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਇਸ ਮੰਤਵ ਦੀ ਪੂਰਤੀ ਲਈ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਬਹੁਤ ਅਹਿਮ ਹੈ।
ਉਨ੍ਹਾਂ ਕਿਹਾ ਕਿ ਸਕੂਲ ਸਿਰਫ਼ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਨਹੀਂ, ਸਗੋਂ ਚੰਗੇ ਇਨਸਾਨ ਅਤੇ ਜ਼ਿੰਮੇਵਾਰ ਨਾਗਰਿਕ ਤਿਆਰ ਕਰਨ ਦੇ ਕੇਂਦਰ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੀਚੇ ਨਿਰਧਾਰਤ ਕਰਨ, ਸਮੇਂ ਦੀ ਕਦਰ ਕਰਨ ਅਤੇ ਲਗਨ ਨਾਲ ਪੜ੍ਹਾਈ ਕਰਦਿਆਂ ਆਪਣੇ ਮਾਪਿਆਂ, ਅਧਿਆਪਕਾਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ।