ਜ਼ਿਲਾ ਪੱਧਰੀ ਮੁਕਾਬਲਿਆਂ ’ਚ ਨੂਰਪੁਰਬੇਦੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਵਿਕਸਿਤ ਭਾਰਤ ’ਤੇ ਸੇਵਾ ਕਾਰਜ’ ਵਿਸ਼ੇ ’ਤੇ ਜ਼ਿਲਾ ਪੱਧਰੀ ਮੁਕਾਬਲਿਆਂ ’ਚ ਨੂਰਪੁਰਬੇਦੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
Publish Date: Tue, 13 Oct 2026 04:05 PM (IST)
Updated Date: Tue, 13 Oct 2026 04:05 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਨੂਰਪੁਰਬੇਦੀ ਦੇ ਵਿਦਿਆਰਥੀਆਂ ਨੇ ‘ਵਿਕਸਿਤ ਭਾਰਤ ਅਤੇ ਸੇਵਾ ਕਾਰਜ’ ਵਿਸ਼ੇ ’ਤੇ ਕਰਵਾਏ ਗਏ ਜ਼ਿਲਾ ਪੱਧਰੀ ਪੀ.ਐੱਮ. ਸ੍ਰੀ ਸਕੂਲਾਂ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ’ਚ ਸਕੂਲ ਦੀ ਵਿਦਿਆਰਥਣ ਉਰਵੀ ਸ਼ਰਮਾ ਨੇ ਪੰਜਾਬੀ ਬਹਿਸ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਵਿਦਿਆਰਥੀ ਅਮਨ ਕੁਸ਼ਵਾਹਾ ਨੇ ਡਰਾਇੰਗ ਮੁਕਾਬਲੇ ’ਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਜ਼ਿਲ੍ਹਾ ਪੱਧਰ ’ਤੇ ਕਰਵਾਏ ਗਏ ਪੰਜਾਬੀ ਬਹਿਸ ਮੁਕਾਬਲੇ ’ਚ ਉਰਵੀ ਸ਼ਰਮਾ ਨੇ ਆਪਣੀ ਭਾਸ਼ਾਈ ਯੋਗਤਾ, ਵਿਚਾਰਾਂ ਦੀ ਸਪੱਸ਼ਟਤਾ ਅਤੇ ਤਰਕਪੂਰਨ ਪੇਸ਼ਕਾਰੀ ਸਦਕਾ ਪਹਿਲਾ ਸਥਾਨ ਹਾਸਲ ਕੀਤਾ। ਉਸ ਦੀ ਇਸ ਪ੍ਰਾਪਤੀ ਨਾਲ ਸਕੂਲ ’ਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸੇ ਤਰ੍ਹਾਂ ਡਰਾਇੰਗ ਮੁਕਾਬਲੇ ’ਚ ਅਮਨ ਕੁਸ਼ਵਾਹਾ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਸਿਰਜਣਾਤਮਕ ਸੋਚ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੋਵਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਉਨ੍ਹਾਂ ਦੀ ਮਿਹਨਤ, ਲਗਨ, ਆਤਮ-ਵਿਸ਼ਵਾਸ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੁੰਦੀਆਂ ਹਨ। ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਦੋਵਾਂ ਵਿਦਿਆਰਥੀਆਂ ਦੀ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਲੈਕਚਰਾਰ ਰਾਜੀਵ ਕੁਮਾਰ, ਲੈਕਚਰਾਰ ਸੋਨੀਆ, ਲੈਕਚਰਾਰ ਭੀਮ ਖਾਨ, ਰਮਨਦੀਪ ਕੌਰ, ਰਮਨ ਕੁਮਾਰ ’ਤੇ ਲਾਇਬ੍ਰੇਰੀਅਨ ਧਰਮਿੰਦਰ ਕੁਮਾਰ ਆਦਿ ਸਟਾਫ ਹਾਜ਼ਰ ਸੀ।