- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਗਰਾਂ ਪੁਲ ’ਤੇ ਨਿਰਮਾਣ ਕਾਰਜ ਦੀ ਗੁਣਵੱਤਾ ’ਤੇ ਮੁੜ ਉੱਠੇ ਸਵਾਲ

ਨਵਾਂ ਬਣ ਰਿਹਾ ਫੁੱਟਪਾਥ ਕੁਝ ਘੰਟਿਆਂ ’ਚ ਢਹਿਆ
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ-ਨੰਗਲ ਮੁੱਖ ਮਾਰਗ ’ਤੇ ਸਵਾਂ ਨਦੀ ਉੱਪਰ ਪਿੰਡ ਐਲਗਰਾਂ ਵਿਖੇ ਬਣੇ ਪੁਲ ਦੀ ਮੁਰੰਮਤ ਦੌਰਾਨ ਨਿਰਮਾਣ ਕਾਰਜ ਦੀ ਗੁਣਵੱਤਾ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਪੁਲ ਦੀ ਨਵੀਂ ਤਿਆਰ ਕੀਤੀ ਸਲੈਬ ਦੇ ਨਾਲ ਬਣਾਏ ਜਾ ਰਹੇ ਕੰਕਰੀਟ ਦੇ ਫੁੱਟਪਾਥ ਦਾ ਇਕ ਹਿੱਸਾ ਕੰਕਰੀਟ ਪਾਉਣ ਤੋਂ ਕੁਝ ਘੰਟਿਆਂ ਬਾਅਦ ਹੀ ਢਹਿ ਗਿਆ। ਇਸ ਘਟਨਾ ਤੋਂ ਬਾਅਦ ਨਿਰਮਾਣ ਕਾਰਜ ਦੌਰਾਨ ਵਰਤੀ ਜਾ ਰਹੀ ਤਕਨੀਕ ਅਤੇ ਵਿਭਾਗੀ ਨਿਗਰਾਨੀ ਨੂੰ ਲੈ ਕੇ ਚਰਚਾ ਛਿੜ ਗਈ ਹੈ।
ਜ਼ਿਕਰਯੋਗ ਹੈ ਕਿ ਸਾਲ 2023 ’ਚ ਆਏ ਹੜ੍ਹਾਂ ਦੌਰਾਨ ਇਸ ਪੁਲ ਦੇ ਕੁਝ ਪਿੱਲਰਾਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਕੁਝ ਸਲੈਬਾਂ ’ਚ ਵੀ ਗੈਪ ਪੈ ਗਏ ਸਨ। ਇਸ ਦੇ ਮੱਦੇਨਜ਼ਰ ਲੋਕ ਨਿਰਮਾਣ ਵਿਭਾਗ ਦੀ ਸਿਫ਼ਾਰਸ਼ ’ਤੇ ਪ੍ਰਸ਼ਾਸਨ ਵੱਲੋਂ ਪੁਲ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਪੁਲ ਦੀ ਮੁਰੰਮਤ ਕਰਵਾਉਣ ਲਈ ਸਮਾਜਿਕ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਲਗਾਤਾਰ ਆਵਾਜ਼ ਉਠਾਏ ਜਾਣ ਤੋਂ ਬਾਅਦ ਸਰਕਾਰ ਵੱਲੋਂ ਇਲਾਕੇ ’ਚ ਇਸ ਨਿਰਮਾਣ ਕਾਰਜ ਦੀ ਗੁਣਵੱਤਾ ਸਬੰਧੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮਾਮਲੇ ਦੀ ਤਕਨੀਕੀ ਪੱਧਰ ’ਤੇ ਜਾਂਚ ਕਰਵਾਈ ਜਾਵੇ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਫੁੱਟਪਾਥ ਦਾ ਹਿੱਸਾ ਡਿੱਗਣ ਪਿੱਛੇ ਨਿਰਮਾਣ ਤਕਨੀਕ ’ਚ ਕੋਈ ਕਮੀ ਸੀ ਜਾਂ ਫਿਰ ਕੰਮ ਦੀ ਨਿਗਰਾਨੀ ਦੌਰਾਨ ਕੋਈ ਕੁਤਾਹੀ ਹੋਈ।
3 ਸਾਲਾਂ ਤੋਂ ਪ੍ਰੇ•ਸ਼ਾਨੀ ਝੱਲ ਰਹੇ ਹਨ ਦਰਜਨਾਂ ਪਿੰਡਾਂ ਦੇ ਲੋਕ
ਐਲਗਰਾਂ ਪੁਲ ਨੂਰਪੁਰਬੇਦੀ ਇਲਾਕੇ ਨੂੰ ਨੰਗਲ ਅਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਰਸਤੇ ਨਾਲ ਜੋੜਨ ਲਈ ਅਹਿਮ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸਮਾਗਮਾਂ ਦੌਰਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਰਗ ਨੂੰ ਬਦਲਵੇਂ ਰੂਟ ਵਜੋਂ ਵਰਤਿਆ ਜਾਂਦਾ ਰਿਹਾ ਹੈ। ਇਸ ਲਈ ਪੁਲ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਪੁਲ ਤੋਂ ਆਵਾਜਾਈ ਬੰਦ ਹੋਣ ਕਾਰਨ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲਗਭਗ 25 ਤੋਂ 30 ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈਂਦਾ ਹੈ। ਇਸ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਮੁਲਾਜ਼ਮਾਂ, ਸਕੂਲੀ ਵਿਦਿਆਰਥੀਆਂ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਵੀ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇੰਨੇ ਅਹਿਮ ਪੁਲ ਦੀ ਉਸਾਰੀ ਦਾ ਕੰਮ ਲੰਮੇ ਸਮੇਂ ਤੋਂ ਲਟਕਣ ਕਾਰਨ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ। ਹੁਣ ਫੁੱਟਪਾਥ ਦੇ ਹਿੱਸੇ ਦੇ ਨੁਕਸਾਨੇ ਜਾਣ ਤੋਂ ਬਾਅਦ ਨਿਰਮਾਣ ਕਾਰਜ ਦੀ ਗੁਣਵੱਤਾ ਦੀ ਜਾਂਚ ਕਰਵਾਉਣੀ ਜ਼ਰੂਰੀ ਹੋ ਗਈ ਹੈ।
ਮੁੱਖ ਸਲੈਬ ਸੁਰੱਖਿਅਤ, ਫੁੱਟਪਾਥ ਦਾ ਹਿੱਸਾ ਨੁਕਸਾਨਿਆ : ਐਸ.ਡੀ.ਓ.
ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲ ਦਾ ਮੁੱਖ ਢਾਂਚਾ ਅਤੇ ਨਵੀਂ ਬਣੀ ਸਲੈਬ ਸੁਰੱਖਿਅਤ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਨੁਕਸਾਨ ਪੁਲ ਦੇ ਨਾਲ ਬਣਾਏ ਜਾ ਰਹੇ ਫੁੱਟਪਾਥ ਦੇ ਹਿੱਸੇ ਨੂੰ ਪਹੁੰਚਿਆ ਹੈ। ਉਨ੍ਹਾਂ ਅਨੁਸਾਰ ਪੁਲ ਦੇ ਇੱਕ ਪਾਸੇ ਕੈਂਟੀਲੀਵਰ ਤਕਨੀਕ ਨਾਲ ਫੁੱਟਪਾਥ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਸਹਾਰਾ ਦੇਣ ਲਈ ਬ੍ਰੈਕਟਾਂ ਲਗਾਈਆਂ ਗਈਆਂ ਸਨ। ਦਰਿਆ ਤੋਂ ਪੁਲ ਦੀ ਸਲੈਬ ਤੱਕ ਉਚਾਈ ਵੱਧ ਹੋਣ ਕਾਰਨ ਆਮ ਸ਼ਟਰਿੰਗ ਕਰਨਾ ਸੰਭਵ ਨਹੀਂ ਸੀ, ਜਿਸ ਕਰਕੇ ਫੁੱਟਪਾਥ ਦਾ ਭਾਰ ਬ੍ਰੈਕਟਾਂ ’ਤੇ ਟਿਕਿਆ ਹੋਇਆ ਸੀ। ਇੱਕ-ਦੋ ਬ੍ਰੈਕਟਾਂ ਢਿੱਲੀਆਂ ਹੋਣ ਕਾਰਨ ਫੁੱਟਪਾਥ ਦਾ ਲਗਭਗ 20 ਫੁੱਟ ਲੰਬਾ ਅਤੇ ਚਾਰ ਫੁੱਟ ਚੌੜਾ ਹਿੱਸਾ ਨੁਕਸਾਨਿਆ ਗਿਆ। ਐਸ.ਡੀ.ਓ. ਨੇ ਕਿਹਾ ਕਿ ਨੁਕਸਾਨੇ ਗਏ ਹਿੱਸੇ ਨੂੰ ਮੁੜ ਸਹੀ ਪੱਧਰ ’ਤੇ ਲਿਆ ਕੇ ਉਸ ’ਤੇ ਕੰਕਰੀਟ ਪਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਤੀਜੀ ਸਲੈਬ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਸ ਤੋਂ ਬਾਅਦ ਪੁਲ ਨੂੰ ਆਵਾਜਾਈ ਲਈ ਖੋਲ੍ਹਣ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੁਲ ਦੇ ਮੁੱਖ ਢਾਂਚੇ ਸਬੰਧੀ ਫੈਲ ਰਹੀਆਂ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ।