ਜ਼ਮੀਨ ਦੀ ਵਿਕਰੀ ਦੇ ਮਾਮਲੇ ’ਚ ਕਥਿਤ ਧੋਖਾਧੜੀ, 4 ਖ਼ਿਲਾਫ਼ ਕੇਸ ਦਰਜ ਕੀਰਤਪੁਰ ਸਾਹਿਬ ਦੇ ਪਿੰਡ ਭਟੌਲੀ ਵਿੱਚ ਜ਼ਮੀਨ ਦੀ ਵਿਕਰੀ ਦੇ ਮਾਮਲੇ ’ਚ ਕਥਿਤ ਧੋਖਾਧੜੀ
Publish Date: Mon, 12 Oct 2026 06:42 PM (IST)
Updated Date: Mon, 12 Oct 2026 06:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਜ਼ਿਲ੍ਹਾ ਰੂਪਨਗਰ ਦੇ ਕੀਰਤਪੁਰ ਸਾਹਿਬ ਇਲਾਕੇ ਅਧੀਨ ਪੈਂਦੇ ਪਿੰਡ ਭਟੌਲੀ ’ਚ ਜ਼ਮੀਨ ਦੀ ਵਿਕਰੀ ਨਾਲ ਸਬੰਧਤ ਕਥਿਤ ਧੋਖਾਧੜੀ ਦੇ ਮਾਮਲੇ ’ਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਫ.ਆਈ.ਆਰ. ਅਤੇ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਨਾਲ ਸਬੰਧਤ ਦਸਤਾਵੇਜ਼ਾਂ ਅਨੁਸਾਰ, ਮਾਮਲੇ ’ਚ ਹਿਮਾਂਸੂ ਟੰਡਨ ਉਰਫ਼ ਟਿੰਮੀ, ਤੇਜਿੰਦਰਪਾਲ ਸਿੰਘ ਉਰਫ਼ ਪੱਪੂ, ਮਨਿੰਦਰ ਸਿੰਘ ਅਤੇ ਹਰਸ਼ਦੀਪ ਸ਼ੇਰਗਿੱਲ ਦੇ ਨਾਮ ਸਾਹਮਣੇ ਆਏ ਹਨ। ਹਿਮਾਂਸ਼ੂ ਟੰਡਨ ਟਿੰਮੀ ਕਾਂਗਰਸ ਦਾ ਮੌਜੂਦਾ ਬਲਾਕ ਪ੍ਰਧਾਨ ਹੈ। ਜਾਂਚ ਰਿਪੋਰਟ ’ਚ ਦੋਸ਼ ਲਾਇਆ ਗਿਆ ਹੈ ਕਿ ਸਬੰਧਤ ਵਿਅਕਤੀਆਂ ਨੇ ਕਥਿਤ ਤੌਰ ’ਤੇ ਆਪਸੀ ਮਿਲੀਭੁਗਤ ਨਾਲ ਪਿੰਡ ਭਟੌਲੀ ਦੇ ਵਸਨੀਕ ਸਦਾਨੰਦ ਨਾਲ ਜ਼ਮੀਨ ਦੀ ਵਿਕਰੀ ਦੇ ਮਾਮਲੇ ’ਚ ਧੋਖਾਧੜੀ ਕੀਤੀ। ਥਾਣਾ ਮੁਖੀ ਕੀਰਤਪੁਰ ਸਾਹਿਬ ਰਾਹੁਲ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਵੱਲੋਂ ਕੀਤੀ ਗਈ ਸੀ। ਜਾਂਚ ਦੌਰਾਨ ਜ਼ਮੀਨ ਨਾਲ ਸਬੰਧਤ ਮਾਲ ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ, ਉਸ ਸਮੇਂ ਦੇ ਸਬੰਧਤ ਮਾਲ ਵਿਭਾਗ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਬਿਆਨ ਵੀ ਦਰਜ ਕੀਤੇ ਗਏ। ਜਾਂਚ ਰਿਪੋਰਟ ’ਚ ਦਰਜ ਵੇਰਵਿਆਂ ਮੁਤਾਬਕ, ਸਬੰਧਤ ਜ਼ਮੀਨਾਂ ਦੀਆਂ ਉਸ ਸਮੇਂ ਦੀਆਂ ਜਮ੍ਹਾਂਬੰਦੀਆਂ ’ਚ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ (ਪੀ.ਐੱਲ.ਪੀ.ਏ.) ਦੀ ਧਾਰਾ 4 ਸਬੰਧੀ ਕੋਈ ਇੰਦਰਾਜ਼ ਨਹੀਂ ਮਿਲਿਆ ਸੀ। ਰਿਪੋਰਟ ਅਨੁਸਾਰ, ਉਸ ਸਮੇਂ ਮਾਲ ਵਿਭਾਗ ਕੋਲ ਸਬੰਧਤ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਨ ਤੇ ਵੀ ਕੋਈ ਰੋਕ ਦਰਜ ਨਹੀਂ ਸੀ। ਇਨ੍ਹਾਂ ਤੱਥਾਂ ਦੇ ਆਧਾਰ ਤੇ ਜਾਂਚ ਦੇ ਉਸ ਪੜਾਅ ਤੇ ਸਬੰਧਤ ਮਾਲ ਅਧਿਕਾਰੀਆਂ ਦੀ ਸਿੱਧੀ ਸ਼ਮੂਲੀਅਤ ਸਾਹਮਣੇ ਨਾ ਆਉਣ ਦਾ ਜ਼ਿਕਰ ਕੀਤਾ ਗਿਆ। ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ’ਚ ਕੁਝ ਸਬੰਧਤ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਚੱਲਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਦਸਤਾਵੇਜ਼ਾਂ ਅਨੁਸਾਰ, ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਵੱਲੋਂ ਮਾਮਲੇ ’ਚ ਧੋਖਾਧੜੀ ਸਬੰਧੀ ਕਾਨੂੰਨੀ ਰਾਏ ਲੈ ਕੇ ਅਗਲੀ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਸਬੰਧਤ ਦਸਤਾਵੇਜ਼ ਅਤੇ ਜਾਂਚ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੇ ਗਏ। ਮਾਮਲੇ ’ਚ ਸਾਹਮਣੇ ਆਏ ਤੱਥਾਂ ਅਤੇ ਦੋਸ਼ਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਅੱਗੇ ਵਧਾਈ ਗਈ। ਥਾਣਾ ਕੀਰਤਪੁਰ ਸਾਹਿਬ ਵਿਖੇ 11 ਅਕਤੂਬਰ 2026 ਨੂੰ ਐੱਫ.ਆਈ.ਆਰ. ਨੰਬਰ 160 ਦਰਜ ਕੀਤੀ ਗਈ ਹੈ। ਇਸ ਮਾਮਲੇ ’ਚ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 318(4) ਦਾ ਜ਼ਿਕਰ ਹੈ। ਇਹ ਧਾਰਾਵਾਂ ਕਥਿਤ ਧੋਖਾਧੜੀ ਅਤੇ ਦਸਤਾਵੇਜ਼ਾਂ ਨਾਲ ਸਬੰਧਤ ਦੋਸ਼ਾਂ ਦੇ ਮੱਦੇਨਜ਼ਰ ਦਰਜ ਕੀਤੀਆਂ ਗਈਆਂ ਹਨ। ਫਿਲਹਾਲ ਉਪਲਬਧ ਜਾਣਕਾਰੀ ਅਨੁਸਾਰ ਮਾਮਲਾ ਜ਼ਮੀਨ ਦੀ ਵਿਕਰੀ ਅਤੇ ਇਸ ਨਾਲ ਜੁੜੇ ਦਸਤਾਵੇਜ਼ਾਂ ਦੀ ਪੜਤਾਲ ਨਾਲ ਸਬੰਧਤ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹੋਰ ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।