ਮੁਹੱਲਾ ਕਲੀਨਿਕ ’ਚ ਗੰਭੀਰ ਬਿਮਾਰੀਆਂ ਦੀ ਹੋ ਰਹੀ ਪਛਾਣ ਅਬਿਆਣਾ ਕਲਾਂ ਦੇ ਮੁਹੱਲਾ ਕਲੀਨਿਕ ’ਚ ਤਜਰਬੇਕਾਰ ਜਾਂਚ ਨਾਲ ਕੈਂਸਰ ਸਮੇਤ ਗੰਭੀਰ ਬਿਮਾਰੀਆਂ ਦੀ ਹੋ ਰਹੀ ਪਹਿਚਾਣ
Publish Date: Mon, 12 Oct 2026 06:22 PM (IST)
Updated Date: Mon, 12 Oct 2026 06:23 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਖੇਤਰ ਦੇ ਪਿੰਡ ਅਬਿਆਣਾ ਕਲਾਂ ਵਿਖੇ ਚੱਲ ਰਿਹਾ ਮੁਹੱਲਾ ਕਲੀਨਿਕ ਆਪਣੀਆਂ ਸਿਹਤ ਸੇਵਾਵਾਂ ਅਤੇ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਕਰਕੇ ਲਗਾਤਾਰ ਲੋਕਾਂ ’ਚ ਚਰਚਾ ਦਾ ਕੇਂਦਰ ਬਣਦਾ ਜਾ ਰਿਹਾ ਹੈ। ਕਲੀਨਿਕ ਦੇ ਮੈਡੀਕਲ ਅਫ਼ਸਰ ਡਾ. ਜੋਤਵੰਤ ਸਿੰਘ ਦੀ ਤਜਰਬੇਕਾਰ ਪਹੁੰਚ, ਬਿਮਾਰੀਆਂ ਦੇ ਲੱਛਣਾਂ ਨੂੰ ਬਾਰੀਕੀ ਨਾਲ ਸਮਝਣ ਦੀ ਸਮਰੱਥਾ ਅਤੇ ਸਮੇਂ ਸਿਰ ਸਹੀ ਇਲਾਜ ਲਈ ਮਰੀਜ਼ਾਂ ਨੂੰ ਰੈਫਰ ਕਰਨ ਦੀ ਭੂਮਿਕਾ ਇਸ ਕਲੀਨਿਕ ਦੀ ਕਾਰਗੁਜ਼ਾਰੀ ਨੂੰ ਖ਼ਾਸ ਬਣਾਉਂਦੀ ਹੈ। ਉਨ੍ਹਾਂ ਦੇ ਨਾਲ ਕੰਮ ਕਰ ਰਹੀ ਸਿਹਤ ਟੀਮ ਵੀ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਲੜੀ ਤਹਿਤ ਬੀਤੇ ਦਿਨੀਂ ਕਲੀਨਿਕ ’ਚ ਇੱਕ ਮਰੀਜ਼ ਆਮ ਹਾਲਤ ’ਚ ਜਾਂਚ ਕਰਵਾਉਣ ਲਈ ਪਹੁੰਚਿਆ। ਡਾ. ਜੋਤਵੰਤ ਸਿੰਘ ਨੇ ਮਰੀਜ਼ ਦੀ ਸਿਹਤ ਦੀ ਜਾਂਚ ਦੌਰਾਨ ਕੁਝ ਅਜਿਹੇ ਲੱਛਣ ਮਹਿਸੂਸ ਕੀਤੇ, ਜਿਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੇ ਹੋਰ ਜਾਂਚ ਕਰਵਾਉਣ ਦੀ ਲੋੜ ਸਮਝੀ। ਮਰੀਜ਼ ਦੇ ਖੂਨ ਅਤੇ ਪਿਸ਼ਾਬ ਦੀ ਜਾਂਚ ਸਮੇਤ ਲੋੜੀਂਦੇ ਟੈਸਟ ਕਰਵਾਏ ਗਏ, ਜਿਨ੍ਹਾਂ ਤੋਂ ਬਾਅਦ ਕੈਂਸਰ ਨਾਲ ਸਬੰਧਤ ਗੰਭੀਰ ਸ਼ੱਕ ਸਾਹਮਣੇ ਆਇਆ। ਇਸ ’ਤੇ ਮੁਹੱਲਾ ਕਲੀਨਿਕ ਦੀ ਟੀਮ ਨੇ ਬਿਨਾਂ ਦੇਰੀ ਕੀਤੇ ਮਰੀਜ਼ ਨੂੰ ਅਗਲੇਰੇ ਇਲਾਜ ਅਤੇ ਵਿਸਥਾਰਪੂਰਵਕ ਜਾਂਚ ਲਈ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਕਲੀਨਿਕ ਦੀ ਟੀਮ ਵੱਲੋਂ ਐਮਰਜੈਂਸੀ ਹਾਲਾਤਾਂ ’ਚ ਵੀ ਮਰੀਜ਼ਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇਣ ਅਤੇ ਲੋੜ ਅਨੁਸਾਰ ਅਗਲੇਰੇ ਇਲਾਜ ਲਈ ਭੇਜਣ ਦਾ ਕੰਮ ਕੀਤਾ ਜਾਂਦਾ ਹੈ। ਐਚਵਨ, ਐਨਵਨ ਵਰਗੀਆਂ ਲਾਗਾਂ ਦੇ ਸ਼ੱਕੀ ਮਾਮਲਿਆਂ ਤੋਂ ਲੈ ਕੇ ਡੇਂਗੂ ਦੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਤੱਕ, ਸਮੇਂ ਸਿਰ ਜਾਂਚ ਅਤੇ ਸਹੀ ਦਿਸ਼ਾ ’ਚ ਇਲਾਜ ਲਈ ਮਾਰਗਦਰਸ਼ਨ ਸਿਹਤ ਸੇਵਾਵਾਂ ਦਾ ਅਹਿਮ ਹਿੱਸਾ ਹੈ।