ਹੈਲਥ ਕਾਰਪੋਰੇਸ਼ਨ ਦੀ ਟੀਮ ਵੱਲੋਂ ਸਿੰਘਪੁਰ ਹਸਪਤਾਲ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਸਿੰਘਪੁਰ ਹਸਪਤਾਲ ਦੇ ਵਿਕਾਸ ਕਾਰਜਾਂ ਲਈ ਹੈਲਥ ਕਾਰਪੋਰੇਸ਼ਨ ਦੀ ਟੀਮ ਨੇ ਲਿਆ ਜਾਇਜ਼ਾ
Publish Date: Mon, 12 Oct 2026 05:28 PM (IST)
Updated Date: Mon, 12 Oct 2026 05:29 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਦੀ ਟੀਮ ਵੱਲੋਂ ਹਸਪਤਾਲ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਪ੍ਰਸਤਾਵਿਤ ਵਿਕਾਸ ਕਾਰਜਾਂ, ਤਕਨੀਕੀ ਲੋੜਾਂ ਅਤੇ ਫਾਇਰ ਸੇਫਟੀ ਪ੍ਰੋਜੈਕਟ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਵੱਲੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ’ਤੇ ਵਿਕਾਸ ਕਾਰਜਾਂ ਲਈ ਟੈਂਡਰ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਸਿੰਘਪੁਰ ਦੇ ਵਿਕਾਸ ਲਈ ਵੱਡੀ ਗ੍ਰਾਂਟ ਪ੍ਰਦਾਨ ਕੀਤੀ ਗਈ ਸੀ। ਇਸ ਗ੍ਰਾਂਟ ਤਹਿਤ ਹਸਪਤਾਲ ’ਚ ਵੱਖ-ਵੱਖ ਜ਼ਰੂਰੀ ਵਿਕਾਸ ਕਾਰਜ ਕਰਵਾਏ ਜਾਣੇ ਹਨ, ਜਿਨ੍ਹਾਂ ਦਾ ਉਦੇਸ਼ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਹਸਪਤਾਲ ਦਾ ਦੌਰਾ ਕਰਨ ਵਾਲੀ ਟੀਮ ’ਚ ਐਸਡੀੳ ਕਮਲਪ੍ਰੀਤ ਸਿੰਘ, ਜੇਈ ਹਰਦੀਪ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ। ਟੀਮ ਨੇ ਹਸਪਤਾਲ ਦੇ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕਰਦਿਆਂ ਪ੍ਰਸਤਾਵਿਤ ਕੰਮਾਂ ਦੀ ਲੋੜ, ਤਕਨੀਕੀ ਪੱਖਾਂ ਅਤੇ ਕਾਰਜਾਂ ਦੀ ਯੋਜਨਾਬੰਦੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਰੋਗੀ ਕਲਿਆਣ ਸੰਮਤੀ ਦੇ ਮੈਂਬਰ ਰਵਿੰਦਰ ਸਿੰਘਪੁਰ, ਕ੍ਰਿਸ਼ਨ ਸਿੰਘ ਬਿੱਲਾ, ਦੀਪਕ ਪੁਰੀ ਅਤੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਡਾ. ਹਰਪ੍ਰੀਤ ਕੌਰ ਨੇ ਟੀਮ ਨੂੰ ਹਸਪਤਾਲ ’ਚ ਕਰਵਾਏ ਜਾਣ ਵਾਲੇ ਵੱਖ-ਵੱਖ ਅਤਿ-ਜ਼ਰੂਰੀ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਸਪਤਾਲ ਦੀਆਂ ਮੌਜੂਦਾ ਲੋੜਾਂ, ਮਰੀਜ਼ਾਂ ਦੀ ਸਹੂਲਤ ਅਤੇ ਸੁਰੱਖਿਆ ਨਾਲ ਸਬੰਧਤ ਪਹਿਲੂਆਂ ਬਾਰੇ ਵੀ ਜਾਣੂ ਕਰਵਾਇਆ। ਦੌਰੇ ਦੌਰਾਨ ਫਾਇਰ ਸੇਫਟੀ ਪ੍ਰੋਜੈਕਟ ਨੂੰ ਵੀ ਵਿਸ਼ੇਸ਼ ਤੌਰ ’ਤੇ ਵਿਚਾਰਿਆ ਗਿਆ। ਹਸਪਤਾਲ ਵਰਗੀ ਜਨਤਕ ਸਿਹਤ ਸੰਸਥਾ ’ਚ ਅੱਗ ਤੋਂ ਬਚਾਅ ਦੇ ਪ੍ਰਬੰਧ, ਐਮਰਜੈਂਸੀ ਦੌਰਾਨ ਸੁਰੱਖਿਅਤ ਨਿਕਾਸ ਅਤੇ ਮਰੀਜ਼ਾਂ ’ਤੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਸ ਪ੍ਰੋਜੈਕਟ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਹੈਲਥ ਕਾਰਪੋਰੇਸ਼ਨ ਦੀ ਟੀਮ ਵੱਲੋਂ ਸਮੁੱਚੇ ਨਿਰੀਖਣ ਅਤੇ ਤਕਨੀਕੀ ਜਾਣਕਾਰੀ ਦੇ ਆਧਾਰ ’ਤੇ ਰਿਪੋਰਟ ਤਿਆਰ ਕੀਤੀ ਗਈ। ਟੀਮ ਨੇ ਦੱਸਿਆ ਕਿ ਵਿਕਾਸ ਕਾਰਜਾਂ ਸਬੰਧੀ ਟੈਂਡਰ ਜਲਦ ਜਾਰੀ ਕੀਤੇ ਜਾਣ ਦੀ ਉਮੀਦ ਹੈ। ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਿਰਧਾਰਤ ਨਿਯਮਾਂ ਅਨੁਸਾਰ ਕੰਮ ਸ਼ੁਰੂ ਕਰਵਾਏ ਜਾਣਗੇ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਸਰਕਾਰੀ ਹਸਪਤਾਲ ਸਿੰਘਪੁਰ ਦੇ ਬੁਨਿਆਦੀ ਢਾਂਚੇ ਅਤੇ ਸਿਹਤ ਸੇਵਾਵਾਂ ’ਚ ਸੁਧਾਰ ਆਉਣ ਦੀ ਉਮੀਦ ਹੈ।