ਫਤਿਹਪੁਰ ਬੂੰਗਾ ਦੇ ਨੌਜਵਾਨਾਂ ਨੇ ਚੁੱਕਿਆ ਪਿੰਡ ਦੀ ਸਫ਼ਾਈ ਦਾ ਬੀੜਾ ਦੀਵਾਲੀ ਤੋਂ ਪਹਿਲਾਂ ਪਿੰਡ ਦੀ ਸਫ਼ਾਈ ਦਾ ਨੌਜਵਾਨਾਂ ਨੇ ਚੁੱਕਿਆ ਬੀੜਾ
Publish Date: Mon, 12 Oct 2026 04:13 PM (IST)
Updated Date: Mon, 12 Oct 2026 04:14 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਿੰਡ ਫਤਿਹਪੁਰ ਬੂੰਗਾ ਦੇ ਨੌਜਵਾਨਾਂ ਵੱਲੋਂ ਪਿੰਡ ਨੂੰ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਪਿਛਲੇ ਇੱਕ ਮਹੀਨੇ ਤੋਂ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ। ਨੌਜਵਾਨਾਂ ਵੱਲੋਂ ਹਰ ਐਤਵਾਰ ਇਕੱਠੇ ਹੋ ਕੇ ਪਿੰਡ ਦੇ ਵੱਖ-ਵੱਖ ਹਿੱਸਿਆਂ ਦੀ ਸਫ਼ਾਈ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚ ਥਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੇ ਦੀਵਾਲੀ ਤੋਂ ਪਹਿਲਾਂ ਪੂਰੇ ਪਿੰਡ ਦੀ ਸਫ਼ਾਈ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਇਸੇ ਮੁਹਿੰਮ ਤਹਿਤ ਨੌਜਵਾਨਾਂ ਵੱਲੋਂ ਫਤਿਹਪੁਰ ਬੂੰਗਾ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਚੁਬੱਚਾ ਸਾਹਿਬ ਦੇ ਆਲੇ-ਦੁਆਲੇ ਅਤੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ਦੀ ਸਫ਼ਾਈ ਕੀਤੀ ਗਈ। ਪੰਚ ਥਲਜੀਤ ਸਿੰਘ ਨੇ ਕਿਹਾ ਕਿ ਪਿੰਡ ਨੂੰ ਸਾਫ਼-ਸੁਥਰਾ ਰੱਖਣਾ ਸਿਰਫ਼ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਹਰ ਪਿੰਡ ਵਾਸੀ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਕੀਤੀ ਜਾ ਰਹੀ ਇਹ ਸੇਵਾ ਸ਼ਲਾਘਾਯੋਗ ਹੈ। ਉਨ੍ਹਾਂ ਪਿੰਡ ਦੇ ਹੋਰਨਾਂ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ, ਤਾਂ ਜੋ ਦੀਵਾਲੀ ਤੋਂ ਪਹਿਲਾਂ ਪੂਰੇ ਪਿੰਡ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕੇ। ਨੌਜਵਾਨਾਂ ਦੀ ਇਸ ਪਹਿਲਕਦਮੀ ਨਾਲ ਜਿੱਥੇ ਪਿੰਡ ਨੂੰ ਸਾਫ਼-ਸੁਥਰਾ ਰੱਖਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ, ਉੱਥੇ ਹੀ ਹੋਰਨਾਂ ਲੋਕਾਂ ਨੂੰ ਵੀ ਆਪਣੇ ਆਲੇ-ਦੁਆਲੇ ਦੀ ਸਫ਼ਾਈ ਲਈ ਅੱਗੇ ਆਉਣ ਦੀ ਪ੍ਰੇਰਨਾ ਮਿਲ ਰਹੀ ਹੈ। ਇਸ ਮੌਕੇ ਸੇਵਾ ਕਰਨ ਵਾਲਿਆਂ ਵਿੱਚ ਪਵਨ ਫੌਜੀ ਬੀਡੀਸੀ ਮੈਂਬਰ, ਰਵਿੰਦਰ ਕੁਮਾਰ ਸ਼ੇਰਾ, ਰੁਪਿੰਦਰ ਸਿੰਘ, ਹਰਦੀਪ ਸ਼ਰਮਾ, ਨਿਰਮਲ ਸਿੰਘ, ਸੋਨਾ ਠੇਕੇਦਾਰ, ਹਰਜੋਤ ਸਿੰਘ, ਲਖਬੀਰ ਸਿੰਘ ਅਤੇ ਆਸਮ ਮਾੜੀਆ ਸਮੇਤ ਹੋਰ ਨੌਜਵਾਨ ਸ਼ਾਮਿਲ ਸਨ।