ਰਾਮਲੀਲਾ ਸਾਡੀ ਧਾਰਮਿਕ ਵਿਰਾਸਤ ਤੇ ਨੈਤਿਕ ਕਦਰਾਂ-ਕੀਮਤਾਂ ਦੀ ਪ੍ਰਤੀਕ : ਡਾ. ਜੋਤਵੰਸ਼ ਸਿੰਘ ਨੂਰਪੁਰਬੇਦੀ ਵਿਖੇ ਡਾ. ਜੋਤਵੰਸ਼ ਸਿੰਘ ਨੇ ਕੀਤਾ ਰਾਮਲੀਲਾ ਦੀ ਦੂਜੀ ਨਾਈਟ ਦਾ ਉਦਘਾਟਨ
Publish Date: Mon, 12 Oct 2026 03:49 PM (IST)
Updated Date: Mon, 12 Oct 2026 03:50 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਦੂਜੀ ਨਾਈਟ ਦਾ ਉਦਘਾਟਨ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਦੇ ਸੂਬਾ ਯੂਥ ਪ੍ਰਧਾਨ ਅਤੇ ਮਹੱਲਾ ਕਲੀਨਿਕ ਅਬਿਆਣਾ ਦੇ ਮੈਡੀਕਲ ਅਫ਼ਸਰ ਡਾ. ਜੋਤਵੰਸ਼ ਸਿੰਘ ਅਤੇ ਸੀਨੀਅਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੰਦਨ ਵਰਮਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਪਿਛਲੇ 70 ਸਾਲਾਂ ਤੋਂ ਚੱਲੀ ਆ ਰਹੀ ਇਸ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਨੂੰ ਕਾਇਮ ਰੱਖਦਿਆਂ ਰਾਮਲੀਲਾ ਕਮੇਟੀ ਵੱਲੋਂ ਹਰ ਸਾਲ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਪ੍ਰਸੰਗਾਂ ਨੂੰ ਮੰਚ ’ਤੇ ਜੀਵੰਤ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਜੋਤਵੰਸ਼ ਸਿੰਘ ਅਤੇ ਚੰਦਨ ਵਰਮਾ ਨੇ ਕਿਹਾ ਕਿ ਰਾਮਲੀਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਸਾਡੀ ਅਮੀਰ ਧਾਰਮਿਕ ਵਿਰਾਸਤ, ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ, ਫਰਜ਼ਾਂ ਦੀ ਪਾਲਣਾ ਅਤੇ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸੱਤ ਦਹਾਕਿਆਂ ਤੋਂ ਇਸ ਪਰੰਪਰਾ ਨੂੰ ਜਿਊਂਦਾ ਰੱਖਣਾ ਕਮੇਟੀ ਦੇ ਮੈਂਬਰਾਂ ਦੀ ਸਮਰਪਣ ਭਾਵਨਾ ਅਤੇ ਇਲਾਕਾ ਨਿਵਾਸੀਆਂ ਦੀ ਧਾਰਮਿਕ ਆਸਥਾ ਦਾ ਪ੍ਰਤੀਕ ਹੈ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰਾਮਲੀਲਾ ਦੀ ਦੂਜੀ ਨਾਈਟ ਦੌਰਾਨ ਸ੍ਰੀ ਰਾਮ ਜਨਮ, ਤਾੜਕਾ ਵਧ ਸਮੇਤ ਹੋਰ ਵੱਖ-ਵੱਖ ਧਾਰਮਿਕ ਪ੍ਰਸੰਗਾਂ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੇ ਅਭਿਨੈ ਰਾਹੀਂ ਪਾਤਰਾਂ ਨੂੰ ਇਸ ਤਰ੍ਹਾਂ ਜੀਵੰਤ ਕੀਤਾ ਕਿ ਦਰਸ਼ਕ ਧਾਰਮਿਕ ਕਥਾ ਦੇ ਵੱਖ-ਵੱਖ ਦ੍ਰਿਸ਼ਾਂ ਨਾਲ ਜੁੜੇ ਰਹੇ। ਇਸ ਦੌਰਾਨ ਮਾਸਟਰ ਰਜਨੀਸ਼ ਸ਼ਰਮਾ ਨੇ ਰਾਜਾ ਦਸ਼ਰਥ, ਦਿਨੇਸ਼ ਹੱਲਣ ਨੇ ਗੁਰੂ ਵਸ਼ਿਸ਼ਟ, ਸ਼ਿਵ ਕੁਮਾਰ ਕੁੰਦਰਾ ਨੇ ਵਿਸ਼ਵਾਮਿੱਤਰ, ਦਿਨੇਸ਼ ਕੁਮਾਰ ਜੋਲੀ ਨੇ ਸ੍ਰੀ ਰਾਮ, ਡਾ. ਉਕਾਂਰੇਸ਼ਵਰ ਸ਼ਰਮਾ ਨੇ ਲਕਸ਼ਮਣ ਅਤੇ ਕੁਮਾਰ ਵਿਸ਼ਵਾਸ ਨੇ ਤਾੜਕਾ ਦੀ ਭੂਮਿਕਾ ਨਿਭਾਈ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ, ਰਾਜੇਸ਼ ਰਾਜੂ, ਸੰਜੀਵ ਭੰਡਾਰੀ, ਨਰਿੰਦਰ ਬੱਗਾ, ਦਿਨੇਸ਼ ਹੱਲਣ, ਮੁਕੇਸ਼ ਭੰਡਾਰੀ, ਸੋਨੂ ਦੀਵਾਨ, ਸੂਰਜ ਸ਼ਰਮਾ, ਧਰੁੱਵ ਹੱਲਣ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।