ਘੜੀਸਪੁਰ ਵਿਖੇ ਖੂਨਦਾਨ ਕੈਂਪ ਤੇ ਦਸਤਾਰ ਮੁਕਾਬਲੇ ਕਰਵਾਏ ਹਰਿਆਵਲ ਅਤੇ ਸਿਹਤਮੰਦ ਪੰਜਾਬ ਸੰਸਥਾ ਵੱਲੋਂ ਘੜੀਸਪੁਰ ਵਿਖੇ ਖੂਨਦਾਨ ਕੈਂਪ ਤੇ ਦਸਤਾਰ ਮੁਕਾਬਲੇ ਕਰਵਾਏ
Publish Date: Sun, 11 Oct 2026 05:00 PM (IST)
Updated Date: Sun, 11 Oct 2026 05:02 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਹਰਿਆਵਲ ਅਤੇ ਸਿਹਤਮੰਦ ਪੰਜਾਬ ਸੰਸਥਾ ਵੱਲੋਂ ਬਲਾਕ ਨੂਰਪੁਰਬੇਦੀ ਦੇ ਪਿੰਡ ਘੜੀਸਪੁਰ ਵਿਖੇ ਨੌਵਾਂ ਖੂਨਦਾਨ ਕੈਂਪ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ। ਸਮਾਗਮ ਦੌਰਾਨ ਧਾਰਮਿਕ ਸ਼ਖ਼ਸੀਅਤਾਂ, ਸਮਾਜ ਸੇਵੀਆਂ, ਪੰਚਾਇਤੀ ਨੁਮਾਇੰਦਿਆਂ ਅਤੇ ਸੰਸਥਾ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ। ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਸੰਤ ਬਾਬਾ ਸਤਨਾਮ ਸਿੰਘ ਜੀ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਅਤੇ ਬਾਬਾ ਗੁਰਬਚਨ ਸਿੰਘ ਜੀ ਜਥੇਦਾਰ ਗੁਰਦੁਆਰਾ ਸ਼ਹੀਦੀ ਬੇਈਂਹਾਰਾ ਵੱਲੋਂ ਪੌਦੇ ਲਗਾ ਕੇ ਕੀਤਾ ਗਿਆ। ਇਸ ਪਹਿਲਕਦਮੀ ਰਾਹੀਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਦਾ ਸੁਨੇਹਾ ਦਿੱਤਾ ਗਿਆ। ਖੂਨਦਾਨ ਕੈਂਪ ਦੌਰਾਨ ਬਲੱਡ ਸੈਂਟਰ ਕੈਨਾਲ ਹਸਪਤਾਲ, ਨੰਗਲ ਦੀ ਟੀਮ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਕੈਂਪ ’ਚ ਲਗਭਗ 65 ਨੌਜਵਾਨਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ’ਚ ਯੋਗਦਾਨ ਪਾਇਆ। ਸੰਸਥਾ ਵੱਲੋਂ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦਸਤਾਰ ਮੁਕਾਬਲਿਆਂ ’ਚ 50 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਗਰੁੱਪ-ਏ ’ਚ ਸੁਖਮਨ ਸਿੰਘ ਨੇ ਪਹਿਲਾ, ਅਜੇਵੀਰ ਸਿੰਘ ਨੇ ਦੂਜਾ ਅਤੇ ਗੁਰਤਾਜ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਵਾਲੇ ਨੂੰ 3,100 ਰੁਪਏ ਨਕਦ ਅਤੇ ਪੰਜ ਪੱਗਾਂ, ਦੂਜੇ ਸਥਾਨ ਵਾਲੇ ਨੂੰ 2,100 ਰੁਪਏ ਅਤੇ ਤਿੰਨ ਪੱਗਾਂ, ਜਦਕਿ ਤੀਜੇ ਸਥਾਨ ਵਾਲੇ ਨੂੰ 1,100 ਰੁਪਏ ਅਤੇ ਦੋ ਪੱਗਾਂ ਦੇ ਕੇ ਸਨਮਾਨਿਤ ਕੀਤਾ ਗਿਆ। ਗਰੁੱਪ-ਬੀ ’ਚ ਅੰਮ੍ਰਿਤ ਜੋਤ ਸਿੰਘ ਨੇ ਪਹਿਲਾ, ਨਵਦੀਪ ਸਿੰਘ ਨੇ ਦੂਜਾ ਅਤੇ ਦਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਜੇਤੂਆਂ ਨੂੰ ਸੰਤ ਬਾਬਾ ਅਜੈਬ ਸਿੰਘ ਜੀ ਫੱਕਰ, ਮੋਇਆ ਦੀ ਮੰਡੀ ਜਟਵਾਹੜ੍ਹ ਵਾਲਿਆਂ ਵੱਲੋਂ ਨਕਦ ਇਨਾਮ ਅਤੇ ਹੋਰ ਸਨਮਾਨ ਭੇਟ ਕੀਤੇ ਗਏ। ਇਸ ਮੌਕੇ ਨੂਰਪੁਰਬੇਦੀ ਕਮੇਟੀ ਵੱਲੋਂ ਸਮਾਗਮ ’ਚ ਸ਼ਾਮਲ ਤਿੰਨਾਂ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਗਿਆ। ਜ਼ਿਲ੍ਹਾ ਰੂਪਨਗਰ ਅਤੇ ਅਨੰਦਪੁਰ ਸਾਹਿਬ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਸਮਾਜ ਸੇਵੀਆਂ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੁਮਾਰ ਚੌਧਰੀ, ਕਾਰਜਕਾਰੀ ਕਮੇਟੀ ਅਤੇ ਬਲਾਕ ਅਨੰਦਪੁਰ ਸਾਹਿਬ ਦੇ ਪ੍ਰਧਾਨ ਪਰਵਿੰਦਰ ਸਿੰਘ ਸਮੇਤ ਕਮੇਟੀ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ। ਅੰਤ ’ਚ ਬਲਾਕ ਨੂਰਪੁਰਬੇਦੀ ਦੇ ਪ੍ਰਧਾਨ ਸਰਪੰਚ ਬਖਤਾਵਰ ਸਿੰਘ ਟੱਪਰੀਆਂ ਅਤੇ ਸਰਦਾਰ ਸਤਵਿੰਦਰ ਸਿੰਘ ਕੰਗ ਨੇ ਸਮਾਗਮ ’ਚ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਕਮੇਟੀਆਂ ਦਾ ਧੰਨਵਾਦ ਕੀਤਾ।