ਸਿਆਸੀ ਸਮੀਕਰਨਾਂ ’ਤੇ ਮੰਥਨ ਲਈ ਬਾਠ ਤੇ ਰਾਣਾ ਦਰਮਿਆਨ ਵਿਚਾਰ ਚਰਚਾ 2027 ਚੋਣਾਂ ਤੋਂ ਪਹਿਲਾਂ ਹਲਕੇ ਦੇ ਸਿਆਸੀ ਸਮੀਕਰਨਾਂ ’ਤੇ ਮੰਥਨ ਲਈ ਬਾਠ ’ਤੇ ਰਾਣਾ ਵਿਚਕਾਰ ਮੀਟਿੰਗ
Publish Date: Thu, 08 Oct 2026 05:02 PM (IST)
Updated Date: Thu, 08 Oct 2026 05:05 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਆਨੰਦਪੁਰ ਸਾਹਿਬ : ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਸਿਰਕੱਢ ਆਗੂ ਕੁਲਵੰਤ ਸਿੰਘ ਬਾਠ ਅਤੇ ਸੇਵਾ-ਮੁਕਤ ਡੀਆਈਜੀ ਦਲਜੀਤ ਸਿੰਘ ਰਾਣਾ ਵਿਚਕਾਰ ਹੋਈ ਵਿਸ਼ੇਸ਼ ਮੁਲਾਕਾਤ ਨੇ ਹਲਕੇ ਦੇ ਸਿਆਸੀ ਹਲਕਿਆਂ ’ਚ ਚਰਚਾ ਛੇੜ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਵਾਂ ਆਗੂਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਹਲਕੇ ਦੀ ਮੌਜੂਦਾ ਸਿਆਸੀ ਸਥਿਤੀ, ਵੱਖ-ਵੱਖ ਸਿਆਸੀ ਧਿਰਾਂ ਦੀਆਂ ਸਰਗਰਮੀਆਂ ਅਤੇ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਬਣ ਰਹੇ ਸੰਭਾਵੀ ਸਿਆਸੀ ਸਮੀਕਰਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਏਜੰਡੇ ਜਾਂ ਵਿਚਾਰ-ਵਟਾਂਦਰੇ ਬਾਰੇ ਦੋਵਾਂ ਆਗੂਆਂ ਵੱਲੋਂ ਕੋਈ ਵਿਸਥਾਰਤ ਬਿਆਨ ਨਹੀਂ ਦਿੱਤਾ ਗਿਆ। ਕੁਲਵੰਤ ਸਿੰਘ ਬਾਠ ਭਾਜਪਾ ਦੀਆਂ ਸਰਗਰਮੀਆਂ ’ਚ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਪੰਜਾਬ ਤੇ ਦਿੱਲੀ ਦੀ ਭਾਜਪਾ ਲੀਡਰਸ਼ਿਪ ਨਾਲ ਉਨ੍ਹਾਂ ਦੇ ਨਜ਼ਦੀਕੀ ਸੰਬੰਧ ਹਨ। ਦੂਜੇ ਪਾਸੇ ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਇਸੇ ਇਲਾਕੇ ਦੇ ਜੰਮਪਲ ਹਨ ਅਤੇ ਸੇਵਾ-ਮੁਕਤੀ ਤੋਂ ਬਾਅਦ ਹਲਕੇ ’ਚ ਸਮਾਜਿਕ ’ਤੇ ਜਨਤਕ ਸਰਗਰਮੀਆਂ ’ਚ ਸਰਗਰਮ ਨਜ਼ਰ ਆ ਰਹੇ ਹਨ। ਇਸ ਮੁਲਾਕਾਤ ਦੇ ਨਾਲ ਹੀ ਦਲਜੀਤ ਸਿੰਘ ਰਾਣਾ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਨੇ ਵੀ ਜ਼ੋਰ ਫੜਿਆ ਹੈ। ਸਿਆਸੀ ਹਲਕਿਆਂ ’ਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਨਰਾਤਿਆਂ ਦੌਰਾਨ ਉਹ ਭਾਜਪਾ ਦਾ ਪੱਲਾ ਫੜ ਸਕਦੇ ਹਨ। ਹਾਲਾਂਕਿ ਰਾਣਾ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। 2027 ਦੀਆਂ ਚੋਣਾਂ ਨੂੰ ਲੈ ਕੇ ਹਲਕੇ ’ਚ ਸਿਆਸੀ ਧਿਰਾਂ ਵੱਲੋਂ ਹੁਣ ਤੋਂ ਹੀ ਆਪਣੀਆਂ ਸਰਗਰਮੀਆਂ ਵਧਾਏ ਜਾਣ ਦੇ ਦੌਰ ’ਚ ਬਾਠ ਅਤੇ ਰਾਣਾ ਦੀ ਮੁਲਾਕਾਤ ਨੂੰ ਸਥਾਨਕ ਸਿਆਸਤ ਦੇ ਪੱਖ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਰਾਣਾ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਨੇ ਇਸ ਮੁਲਾਕਾਤ ਨੂੰ ਹੋਰ ਚਰਚਿਤ ਬਣਾ ਦਿੱਤਾ ਹੈ। ਮੀਟਿੰਗ ਮੌਕੇ ਅਮਰਜੀਤ ਸਿੰਘ ਵਾਲੀਆ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਹੁਣ ਸਿਆਸੀ ਹਲਕਿਆਂ ’ਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਮੁਲਾਕਾਤ ਕਿਸੇ ਨਵੀਂ ਸਿਆਸੀ ਸਰਗਰਮੀ ਜਾਂ ਸਾਂਝ ਦਾ ਰੂਪ ਧਾਰਦੀ ਹੈ ਜਾਂ ਨਹੀਂ।