ਖਾਲਸਾ ਕਾਲਜ ਵਿਖੇ 7 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਖਾਲਸਾ ਕਾਲਜ ਵਿਖੇ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ
Publish Date: Thu, 08 Oct 2026 04:20 PM (IST)
Updated Date: Thu, 08 Oct 2026 04:23 PM (IST)
ਡਾ. ਨਿਸ਼ਚੈ ਬਹਿਲ ਨੇ ‘ਏ.ਆਈ. ਟੂਲਜ਼ ਦੀ ਵਰਤੋਂ ਦੌਰਾਨ ਸਾਈਬਰ ਸੁਰੱਖਿਆ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੀ ਟ੍ਰੇਨਿੰਗ ਐਂਡ ਲਰਨਿੰਗ ਅਕੈਡਮੀ (ਏ.ਟੀ.ਏ.ਐਲ.) ਤਹਿਤ ਕਰਵਾਇਆ ਜਾ ਰਿਹਾ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅੱਜ ਸ਼ੁਰੂ ਹੋ ਗਿਆ। ਪ੍ਰੋਗਰਾਮ ਦੇ ਪਹਿਲੇ ਦਿਨ ਸਵੇਰ ਦੇ ਸੈਸ਼ਨ ਵਿਚ ਆਈਆਈਆਈਟੀ. ਹੈਦਰਾਬਾਦ ਦੇ ਸੀਨੀਅਰ ਪ੍ਰਾਜੈਕਟ ਕੰਸਲਟੈਂਟ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਲਜ ਡਿਵੈਲਪਮੈਂਟ ਕੌਂਸਲ ਦੇ ਸਾਬਕਾ ਡੀਨ ਡਾ. ਗੁਰਪ੍ਰੀਤ ਸਿੰਘ ਲਹਿਲ ਮੁੱਖ ਵਕਤਾ ਵਜੋਂ ਪਹੁੰਚੇ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਅਧਿਆਪਨ ਖੇਤਰ ’ਚ ਵਧ ਰਹੇ ਪ੍ਰਭਾਵ ਅਤੇ ਇਸ ਦੀ ਸਾਰਥਕ ਵਰਤੋਂ ਬਾਰੇ ਵਿਚਾਰ ਸਾਂਝੇ ਕਰਦਿਆਂ ਵੱਖ-ਵੱਖ ਏ.ਆਈ. ਟੂਲਜ਼ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਡਾ. ਲਹਿਲ ਨੇ ਕਿਹਾ ਕਿ ਤਕਨਾਲੋਜੀ ਦੇ ਤੇਜ਼ੀ ਨਾਲ ਬਦਲ ਰਹੇ ਦੌਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਸਿਰਫ਼ ਤਕਨੀਕੀ ਖੇਤਰ ਤੱਕ ਸੀਮਤ ਨਹੀਂ ਰਹੀ, ਸਗੋਂ ਸਿੱਖਿਆ ਪ੍ਰਣਾਲੀ ਦਾ ਵੀ ਅਹਿਮ ਹਿੱਸਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਲਈ ਏ.ਆਈ. ਦੇ ਵੱਖ-ਵੱਖ ਸਾਧਨਾਂ ਦੀ ਸਹੀ ਅਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਸਮਝਣਾ ਸਮੇਂ ਦੀ ਲੋੜ ਹੈ। ਉਨ੍ਹਾਂ ਵੱਖ-ਵੱਖ ਏ.ਆਈ. ਟੂਲਜ਼ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਰਾਹੀਂ ਅਧਿਆਪਨ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਸੱਤ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 7 ਤੋਂ 13 ਅਕਤੂਬਰ ਤੱਕ ਚੱਲੇਗਾ। ‘ਐਜੂਕੇਟਰਜ਼ ਨੂੰ ਏ.ਆਈ. ਟੂਲਜ਼ ਅਤੇ ਸਾਈਬਰ ਸੇਫਟੀ ਰਾਹੀਂ ਸਮਾਰਟ ਡਿਜੀਟਲ ਇੰਡੀਆ ਲਈ ਸਮਰੱਥ ਬਣਾਉਣਾ’ ਵਿਸ਼ੇ ’ਤੇ ਆਧਾਰਿਤ ਇਸ ਪ੍ਰੋਗਰਾਮ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 60 ਅਧਿਆਪਕ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦੌਰਾਨ ਏ.ਆਈ. ਦੇ ਸਿੱਖਿਆ ਖੇਤਰ ’ਚ ਉਪਯੋਗ, ਆਧੁਨਿਕ ਏ.ਆਈ. ਸਾਧਨਾਂ, ਸਾਈਬਰ ਸੁਰੱਖਿਆ ਅਤੇ ਡਿਜੀਟਲ ਤਕਨਾਲੋਜੀ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪ੍ਰੋਗਰਾਮ ਦੀ ਕੋ-ਆਰਡੀਨੇਟਰ ਪ੍ਰੋ. ਤੇਜਿੰਦਰ ਕੌਰ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦਾ ਸਮੁੱਚਾ ਸਟਾਫ, ਵੱਖ-ਵੱਖ ਕਾਲਜਾਂ ਤੋਂ ਪਹੁੰਚੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।