ਮੁੱਖ ਮਾਰਗਾਂ ’ਤੇ ਘੁੰਮਦੇ ਅਵਾਰਾ ਪਸ਼ੂ ਬਣ ਰਹੇ ਹਨ ਸੜਕੀ ਹਾਦਸਿਆਂ ਦਾ ਕਾਰਨ ਮੁੱਖ ਮਾਰਗਾਂ ’ਤੇ ਘੁੰਮਦੇ ਅਵਾਰਾ ਪਸ਼ੂ ਬਣਦੇ ਹਨ ਸੜਕੀ ਹਾਦਸਿਆਂ ਦਾ ਕਾਰਨ
Publish Date: Wed, 07 Oct 2026 06:41 PM (IST)
Updated Date: Wed, 07 Oct 2026 06:44 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਇਲਾਕੇ ਅੰਦਰ ਮੁੱਖ ਮਾਰਗਾਂ ’ਤੇ ਝੁੰਡ ਬਣਾ ਕੇ ਬੈਠੇ ਅਵਾਰਾ ਪਸ਼ੂ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਜ਼ਿਆਦਾਤਰ ਰਾਤ ਸਮੇਂ ਦੋ ਪਹੀਆ ਵਾਹਨ ਚਾਲਕ ਇਨ੍ਹਾਂ ਦੀ ਚਪੇਟ ’ਚ ਆ ਕੇ ਹਾਦਸਾਗ੍ਰਸਤ ਹੋ ਚੁੱਕੇ ਹਨ। ਇਹ ਅਵਾਰਾ ਪਸ਼ੂ ਸੜਕ ਕਿਨਾਰੇ ਕਿਸਾਨਾਂ ਦੇ ਖੇਤਾਂ ’ਚ ਉਜਾੜਾ ਕਰਨ ਤੋਂ ਬਾਅਦ ਸੜਕ ਦੇ ਕੰਢਿਆਂ ਅਤੇ ਫੁੱਟਪਾਥਾਂ ਵਿਚਕਾਰ ਝੁੰਡ ਬਣਾ ਕੇ ਬੈਠੇ ਰਹਿੰਦੇ ਹਨ। ਰਾਹਗੀਰਾਂ ਤੋਂ ਇਲਾਵਾ ਕਿਸਾਨ ਵੀ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਸਰਹੱਦੀ ਇਲਾਕੇ ਹਿਮਾਚਲ ਪ੍ਰਦੇਸ਼ ਤੋਂ ਕਈ ਕਿਸਾਨ ਰਾਤ ਸਮੇਂ ਗੱਡੀਆਂ ’ਚ ਭਰ ਕੇ ਇਨ੍ਹਾਂ ਨੂੰ ਸਰਹੱਦੀ ਇਲਾਕਿਆਂ ’ਚ ਛੱਡ ਜਾਂਦੇ ਹਨ। ਰਾਤ ਸਮੇਂ ਸੜਕਾਂ ਤੇ ਕੰਡਿਆਂ ’ਤੇ ਖੜ੍ਹੇ ਸਾਂਢ ਅਤੇ ਗਊਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਕਿਉਂਕਿ ਅੱਗੇ ਤੋਂ ਜਦੋਂ ਲਾਈਟ ਦੋ ਪਹੀਆ ਵਾਹਨ ਚਾਲਕ ਦੀਆਂ ਅੱਖਾਂ ’ਚ ਪੈਂਦੀ ਹੈ ਤਾਂ ਇਹ ਅਵਾਰਾ ਪਸ਼ੂ ਦਿਖਾਈ ਨਹੀਂ ਦਿੰਦੇ ਅਤੇ ਹਾਦਸਾ ਵਾਪਰ ਜਾਂਦਾ ਹੈ। ਸ਼ਹਿਰ ’ਚ ਵੀ ਇਹ ਅਵਾਰਾ ਸਾਂਢ ਕਈ ਬਜ਼ੁਰਗਾਂ ਅਤੇ ਬੱਚਿਆਂ ਅਤੇ ਹਮਲਾ ਕਰ ਚੁੱਕੇ ਹਨ ਅਤੇ ਕਈ ਵਾਰ ਆਪਸ ’ਚ ਲੜਦੇ ਸਾਂਢ ਕਈ ਦੁਕਾਨਾਂ ਦਾ ਮਾਲੀ ਨੁਕਸਾਨ ਵੀ ਕਰ ਚੁੱਕੇ ਹਨ, ਪਰ ਪ੍ਰਸ਼ਾਸਨ ਇਨ੍ਹਾਂ ’ਤੇ ਕਾਬੂ ਪਾਉਣ ’ਚ ਅਸਮਰੱਥ ਜਾਪ ਰਿਹਾ ਹੈ। ਇਸ ਸਬੰਧੀ ਜਦੋਂ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਟੀਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਸਲਾ ਉਨ੍ਹਾਂ ਦੇ ਧਿਆਨ ’ਚ ਆ ਗਿਆ ਹੈ ’ਤੇ ਜਲਦ ਹੀ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਢੁਕਵਾਂ ਹੱਲ ਸਥਾਈ ਹੱਲ ਕਰਨਗੇ। ਸਥਾਨਕ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਦਾ ਢੁਕਵਾਂ ਹੱਲ ਕੱਢਿਆ ਜਾਵੇ ਤਾਂ ਜੋ ਕੋਈ ਹੋਰ ਭਿਆਨਕ ਸੜਕੀ ਹਾਦਸਾ ਨਾ ਵਾਪਰੇ।