ਸ਼ਿਵ ਮੰਦਰ ਕਮੇਟੀ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਸ਼ਿਵ ਮੰਦਰ ਕਮੇਟੀ ਵੱਲੋਂ ਰਾਮਲੀਲਾ ਦੇ ਮੰਚਨ ਸਬੰਧੀ ਝੰਡਾ ਚੜ੍ਹਾਉਣ ਦੀ ਰਸਮ ਅਦਾ
Publish Date: Wed, 07 Oct 2026 04:43 PM (IST)
Updated Date: Wed, 07 Oct 2026 04:44 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸ਼ਿਵ ਮੰਦਰ ਕਮੇਟੀ ਨੂਰਪੁਰਬੇਦੀ ਵੱਲੋਂ ਰਾਮਲੀਲਾ ਦੇ ਮੰਚਨ ਸਬੰਧੀ ਅੱਜ ਝੰਡਾ ਚੜ੍ਹਾਉਣ ਦੀ ਰਸਮ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਵਿਧੀ-ਵਿਧਾਨ ਅਨੁਸਾਰ ਪੂਜਾ-ਅਰਚਨਾ ਕੀਤੀ ਗਈ, ਜਿਸ ਦੀ ਰਸਮ ਪੰਡਿਤ ਮੋਹਨ ਲਾਲ ਸ਼ਰਮਾ ਵੱਲੋਂ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਕਰਵਾਈ ਗਈ। ਪੂਜਾ-ਅਰਚਨਾ ਉਪਰੰਤ ਭਗਵਾਨ ਮਹਾਂਵੀਰ ਜੀ ਦੀ ਸੁੰਦਰ ਝਾਂਕੀ ਦੀ ਅਗਵਾਈ ਹੇਠ ਝੰਡਾ ਯਾਤਰਾ ਕੱਢੀ ਗਈ। ਇਹ ਯਾਤਰਾ ਮੁੱਖ ਬਾਜ਼ਾਰ ਨੂਰਪੁਰ ਬੇਦੀ ਤੋਂ ਹੁੰਦੀ ਹੋਈ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਲੰਘੀ ਅਤੇ ਵਾਪਸ ਸ਼ਿਵ ਮੰਦਰ ਵਿਖੇ ਪਹੁੰਚ ਕੇ ਸਮਾਪਤ ਹੋਈ। ਬੈਂਡ-ਬਾਜਿਆਂ ਅਤੇ ਢੋਲ ਦੀਆਂ ਮਨਮੋਹਕ ਧੁਨਾਂ ਨਾਲ ਕੱਢੀ ਗਈ ਇਸ ਯਾਤਰਾ ਦੌਰਾਨ ‘ਜੈ ਸ਼੍ਰੀ ਰਾਮ’ ਅਤੇ ‘ਹਰ ਹਰ ਮਹਾਦੇਵ’ ਦੇ ਜੈਕਾਰੇ ਗੂੰਜਦੇ ਰਹੇ, ਜਿਸ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਗਿਆ। ਇਸ ਮੌਕੇ ਕਲੱਬ ਦੇ ਡਾਇਰੈਕਟਰ ਵਿਜੇ ਸ਼ਰਮਾ ਨੇ ਦੱਸਿਆ ਕਿ 10 ਅਕਤੂਬਰ ਤੋਂ ਰਾਮਲੀਲਾ ਦਾ ਮੰਚਨ ਸ਼ੁਰੂ ਕੀਤਾ ਜਾਵੇਗਾ, ਜੋ 20 ਅਕਤੂਬਰ ਤੱਕ ਲਗਾਤਾਰ ਚੱਲੇਗਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਰਾਤ 9 ਵਜੇ ਤੋਂ 11 ਵਜੇ ਤੱਕ ਕਮੇਟੀ ਦੇ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਦੀਆਂ ਵੱਖ-ਵੱਖ ਲੀਲਾਵਾਂ ਦਾ ਮੰਚਨ ਕੀਤਾ ਜਾਵੇਗਾ। ਇਸ ਮੌਕੇ ਪ੍ਰਧਾਨ ਰਾਜੇਸ਼ ਸ਼ਰਮਾ, ਮਾ. ਰਜਨੀਸ਼ ਸ਼ਰਮਾ, ਗੌਰਵ ਰਾਣਾ ਉਮੀਦਵਾਰ ਪੰਜਾਬ ਸਾਂਝੀਵਾਲਤਾ ਦਲ, ਦਿਨੇਸ਼ ਕੁਮਾਰ ਜੋਲੀ, ਜਰਨੈਲ ਸਿੰਘ ਲਾਲੀ ਮੈਂਬਰ ਜ਼ਿਲ੍ਹ ਪਰਿਸ਼ਦ, ਸੰਜੀਵ ਭੰਡਾਰੀ, ਨਰਿੰਦਰ ਬੱਗਾ, ਡਾ. ਓਕਾਰੇਸ਼ਵਰ ਸ਼ਰਮਾ, ਮਿੰਟੂ ਕੁਮਾਰ, ਅੱਭੀ ਹੱਲਣ, ਸ਼ਿਵ ਕੁਮਾਰ ਕੁੰਦਰਾ, ਸੁਨੀਲ ਦੱਤ ਸ਼ਰਮਾ, ਗੋਰਾ ਸ਼ਾਰਦਾ, ਬੀਰੂ ਸ਼ਰਮਾ , ਸੋਨੀ ਕਾਲੜਾ, ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।