ਹੋਮੀ ਭਾਭਾ ਕੈਂਸਰ ਹਸਪਤਾਲ ਦੀ ਟੀਮ ਵੱਲੋਂ ਨੂਰਪੁਰਬੇਦੀ ਵਿਖੇ ਸਕਰੀਨਿੰਗ ਕੈਂਪ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਟੀਮ ਨੇ ਨੂਰਪੁਰਬੇਦੀ ਵਿਖੇ ਲਗਾਇਆ ਸਕਰੀਨਿੰਗ ਕੈਂਪ
Publish Date: Wed, 07 Oct 2026 04:40 PM (IST)
Updated Date: Wed, 07 Oct 2026 04:41 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹੋਮੀ ਭਾਭਾ ਕੈਂਸਰ ਹਸਪਤਾਲ, ਨਿਊ ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਬਚਾਅ ਅਤੇ ਸਮੇਂ ਸਿਰ ਇਸ ਦੀ ਪਛਾਣ ਸਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਨੂਰਪੁਰਬੇਦੀ ਸ਼ਹਿਰ ਚ ਸਥਿਤ ਹਨੁਮਾਨ ਮੰਦਰ ਵਿਖੇ ਵਿਸ਼ੇਸ਼ ਕੈਂਸਰ ਸਕਰੀਨਿੰਗ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਭਾਰੀ ਗਿਣਤੀ ’ਚ ਔਰਤਾਂ ਅਤੇ ਮਰਦਾਂ ਨੇ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਕੈਂਸਰ ਸਬੰਧੀ ਜ਼ਰੂਰੀ ਜਾਣਕਾਰੀ ਪ੍ਰਾਪਤ ਕੀਤੀ। ਕੈਂਪ ’ਚ ਨੂਰਪੁਰਬੇਦੀ ਦੀ ਸਰਪੰਚ ਨਿਰਮਲਾ ਦੇਵੀ ਸਮੇਤ ਸਮੂਹ ਪੰਚਾਇਤ ਮੈਂਬਰਾਂ ਤੋਂ ਇਲਾਵਾ ਐਨਆਰਆਈ ਜਰਨੈਲ ਸਿੰਘ ਲਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਹੋਮੀ ਭਾਭਾ ਕੈਂਸਰ ਹਸਪਤਾਲ ਵੱਲੋਂ ਪੇਂਡੂ ਖੇਤਰਾਂ ’ਚ ਪਹੁੰਚ ਕੇ ਲੋਕਾਂ ਦੀ ਕੈਂਸਰ ਸਬੰਧੀ ਸਕਰੀਨਿੰਗ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਪ੍ਰਤੀ ਜਾਗਰੂਕ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਸਪਤਾਲ ਦੀ ਟੀਮ ’ਚ ਸ਼ਾਮਲ ਮਾਹਿਰਾਂ ਨੇ ਦੱਸਿਆ ਕਿ ਸਕਰੀਨਿੰਗ ਕੈਂਪ ਦਾ ਮੁੱਖ ਉਦੇਸ਼ ਕੈਂਸਰ ਦੀ ਰੋਕਥਾਮ ਦੇ ਨਾਲ-ਨਾਲ ਸਰੀਰ ’ਚ ਹੋ ਰਹੇ ਅਜਿਹੇ ਬਦਲਾਅ ਜਾਂ ਇਨਫੈਕਸ਼ਨ ਦੀ ਸਮੇਂ ਸਿਰ ਪਛਾਣ ਕਰਨਾ ਹੈ, ਜੋ ਭਵਿੱਖ ’ਚ ਕੈਂਸਰ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੂੰਹ, ਛਾਤੀ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨਾਲ ਸਬੰਧਤ ਕਈ ਬਦਲਾਅ ਬਿਮਾਰੀ ਦੇ ਪ੍ਰਗਟ ਹੋਣ ਤੋਂ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਸਕਦੇ ਹਨ। ਇਸ ਲਈ ਨਿਯਮਤ ਸਕਰੀਨਿੰਗ ਕਰਵਾਉਣਾ ਬੇਹੱਦ ਮਹੱਤਵਪੂਰਨ ਹੈ। ਹਸਪਤਾਲ ਦੇ ਹੋਰਨਾਂ ਮਾਹਿਰਾਂ ਨੇ ਦੱਸਿਆ ਕਿ ਕੈਂਪ ਦੌਰਾਨ ਲੋਕਾਂ ਨੂੰ ਕੈਂਸਰ ਤੋਂ ਬਚਾਅ, ਇਸ ਦੇ ਲੱਛਣਾਂ ਅਤੇ ਇਲਾਜ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਔਰਤਾਂ ਦੇ ਮੂੰਹ ਅਤੇ ਛਾਤੀ ਨਾਲ ਸਬੰਧਤ ਰੋਗਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ, ਜਦਕਿ ਮਰਦਾਂ ਅਤੇ ਅਣਵਿਆਹੀਆਂ ਲੜਕੀਆਂ ਦੀ ਵੀ ਲੋੜ ਅਨੁਸਾਰ ਕੈਂਸਰ ਸਬੰਧੀ ਸਕਰੀਨਿੰਗ ਕੀਤੀ ਗਈ। ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਸਬੰਧੀ ਕਿਸੇ ਵੀ ਤਰ੍ਹਾਂ ਦੇ ਸ਼ੱਕ ਜਾਂ ਲੱਛਣ ਨੂੰ ਅਣਦੇਖਾ ਨਾ ਕੀਤਾ ਜਾਵੇ ਅਤੇ ਸਮੇਂ ਸਿਰ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਕੇ ਲੋੜੀਂਦੀ ਜਾਂਚ ਤੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਹਸਪਤਾਲ ਦਾ ਸਮੂਹ ਸਟਾਫ ਅਤੇ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਹਾਜ਼ਰ ਸਨ।