ਸਿੱਖ ਚਿਹਰੇ ਵਜੋਂ ਦਲਜੀਤ ਸਿੰਘ ਰਾਣਾ ਦੀ ਸਿਆਸਤ ’ਚ ਐਂਟਰੀ ਦੀ ਚਰਚਾ ਸਿੱਖ ਚਿਹਰੇ ਵਜੋਂ ਸਾਬਕਾ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਦੀ ਸ੍ਰੀ ਆਨੰਦਪੁਰ ਸਾਹਿਬ ਦੀ ਸਿਆਸਤ ’ਚ ਐਂਟਰੀ ਦੀ ਚਰਚਾ
Publish Date: Wed, 07 Oct 2026 04:27 PM (IST)
Updated Date: Wed, 07 Oct 2026 04:29 PM (IST)
ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਸਿਆਸਤ ’ਚ ਆਉਣ ਵਾਲੇ ਦਿਨਾਂ ਦੌਰਾਨ ਇੱਕ ਵੱਡੀ ਸਿਆਸੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਾਬਕਾ ਡੀ.ਆਈ.ਜੀ. ਦਲਜੀਤ ਸਿੰਘ ਰਾਣਾ ਨਰਾਤਰਿਆਂ ਦੌਰਾਨ ਭਾਜਪਾ ਦੇ ਵੱਡੇ ਆਗੂਆਂ ਦੀ ਹਾਜ਼ਰੀ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਇਸ ਸਬੰਧੀ ਅਜੇ ਤੱਕ ਰਾਣਾ ਜਾਂ ਭਾਜਪਾ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਸਿਆਸੀ ਹਲਕਿਆਂ ’ਚ ਉਨ੍ਹਾਂ ਦੀ ਭਾਜਪਾ ’ਚ ਸ਼ਮੂਲੀਅਤ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਜੇਕਰ ਦਲਜੀਤ ਸਿੰਘ ਰਾਣਾ ਭਾਜਪਾ ’ਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਸ੍ਰੀ ਆਨੰਦਪੁਰ ਸਾਹਿਬ ਦੀ ਸਿਆਸਤ ਦੇ ਮੌਜੂਦਾ ਸਮੀਕਰਨ ਬਦਲਣ ਦੀ ਪੂਰੀ ਸੰਭਾਵਨਾ ਮੰਨੀ ਜਾ ਰਹੀ ਹੈ। ਰਾਣਾ ਦੀ ਹਲਕੇ ’ਚ ਵਧ ਰਹੀ ਸਰਗਰਮੀ ਅਤੇ ਲੋਕਾਂ ਨਾਲ ਉਨ੍ਹਾਂ ਦੇ ਲਗਾਤਾਰ ਸੰਪਰਕ ਨੂੰ ਸਿਆਸੀ ਨਜ਼ਰੀਏ ਤੋਂ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਜੇਕਰ ਰਾਣਾ ਭਾਜਪਾ ’ਚ ਸ਼ਾਮਲ ਹੁੰਦੇ ਹਨ ਤਾਂ ਪਾਰਟੀ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਇੱਕ ਨਵਾਂ ਅਤੇ ਪ੍ਰਭਾਵਸ਼ਾਲੀ ਸਿੱਖ ਚਿਹਰਾ ਮਿਲ ਸਕਦਾ ਹੈ। ਦੂਜੇ ਪਾਸੇ, ਰਾਣਾ ਦੀ ਸ਼ਮੂਲੀਅਤ ਨਾਲ ਭਾਜਪਾ ਦੀ ਸਥਾਨਕ ਸਿਆਸਤ ’ਚ ਵੀ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।