ਅਵਾਰਾ ਕੁੱਤਿਆਂ ਦੀ ਦਹਿਸ਼ਤ ਹੇਠ ਸਰਕਾਰੀ ਆਦਰਸ਼ ਸਕੂਲ ਦੇ ਵਿਦਿਆਰਥੀ ਅਵਾਰਾ ਕੁੱਤਿਆਂ ਦੀ ਦਹਿਸ਼ਤ ਹੇਠ ਸਰਕਾਰੀ ਆਦਰਸ਼ ਸਕੂਲ ਦੇ ਵਿਦਿਆਰਥੀ
Publish Date: Wed, 07 Oct 2026 03:59 PM (IST)
Updated Date: Wed, 07 Oct 2026 03:59 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸਰਕਾਰੀ ਆਦਰਸ਼ ਸਕੂਲ ਲੋਦੀਪੁਰ ਦੇ ਵਿਦਿਆਰਥੀ ਇਨ੍ਹੀਂ ਦਿਨੀਂ ਅਵਾਰਾ ਕੁੱਤਿਆਂ ਦੀ ਦਹਿਸ਼ਤ ਹੇਠ ਸਕੂਲ ਆਉਣ-ਜਾਣ ਲਈ ਮਜ਼ਬੂਰ ਹਨ। ਸਕੂਲ ਦੇ ਬਾਹਰ ਵੱਡੀ ਗਿਣਤੀ ’ਚ ਅਵਾਰਾ ਕੁੱਤਿਆਂ ਦੇ ਘੁੰਮਣ ਕਾਰਨ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਸਟਾਫ਼ ’ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਚੇਅਰਮੈਨ ਬਲਜੀਤ ਕੌਰ ਲੋਦੀਪੁਰ ਨੇ ਦੱਸਿਆ ਕਿ ਸਕੂਲ ਦੇ ਬਾਹਰ ਅਵਾਰਾ ਕੁੱਤਿਆਂ ਦਾ ਝੁੰਡ ਹਰ ਸਮੇਂ ਦਿਖਾਈ ਦਿੰਦਾ ਹੈ। ਇਸ ਕਾਰਨ ਬੱਚਿਆਂ ਨੂੰ ਸਕੂਲ ਆਉਣ ਅਤੇ ਛੁੱਟੀ ਸਮੇਂ ਘਰ ਵਾਪਸ ਜਾਣ ਵੇਲੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ’ਤੇ ਸਵੇਰੇ ਸਕੂਲ ਲੱਗਣ ਸਮੇਂ ਅਤੇ ਛੁੱਟੀ ਹੋਣ ਤੋਂ ਬਾਅਦ ਜਦੋਂ ਵਿਦਿਆਰਥੀ ਸਕੂਲ ਦੇ ਗੇਟ ਤੋਂ ਬਾਹਰ ਨਿਕਲਦੇ ਹਨ, ਉਸ ਸਮੇਂ ਅਵਾਰਾ ਕੁੱਤਿਆਂ ਦੀ ਮੌਜੂਦਗੀ ਕਾਰਨ ਬੱਚਿਆਂ ’ਚ ਡਰ ਪੈਦਾ ਹੋ ਜਾਂਦਾ ਹੈ। ਚੇਅਰਮੈਨ ਬਲਜੀਤ ਕੌਰ ਲੋਦੀਪੁਰ ਨੇ ਕਿਹਾ ਕਿ ਛੋਟੇ ਬੱਚਿਆਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਕਿਸੇ ਵੀ ਸਮੇਂ ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਵੱਢਣ ਜਾਂ ਉਨ੍ਹਾਂ ਦਾ ਪਿੱਛਾ ਕਰਨ ਦੀ ਘਟਨਾ ਵਾਪਰ ਸਕਦੀ ਹੈ। ਇਸ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਤਾਂ ਜੋ ਵਿਦਿਆਰਥੀ ਬਿਨ੍ਹਾਂ ਕਿਸੇ ਡਰ ਅਤੇ ਦਹਿਸ਼ਤ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ।