ਐਥਲੈਟਿਕਸ ਟਰਾਇਲ 10 ਨੂੰ ਐਥਲੈਟਿਕਸ ਟਰਾਇਲ 10 ਨੂੰ
Publish Date: Tue, 06 Oct 2026 07:05 PM (IST)
Updated Date: Tue, 06 Oct 2026 07:08 PM (IST)
ਚੁਣੇ ਖਿਡਾਰੀ ਹੈਦਰਾਬਾਦ ਨੈਸ਼ਨਲ ਮੀਟ ’ਚ ਲੈਣਗੇ ਭਾਗ : ਦਲਜੀਤ ਰਾਣਾ ਅੰਡਰ-14 ’ਤੇ ਅੰਡਰ-16 ਵਰਗ ਦੇ ਖਿਡਾਰੀਆਂ ਦੀ ਹੋਵੇਗੀ ਚੋਣ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਜ਼ਿਲ੍ਹਾ ਐਥਲੈਟਿਕਸ ਐਸ਼ੋਸ਼ੀਏਸ਼ਨ ਰੂਪਨਗਰ ਵੱਲੋਂ ਆਉਣ ਵਾਲੇ ਐਥਲੈਟਿਕਸ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਸ੍ਰੀ ਦਸ਼ਮੇਸ਼ ਮਾਰਸ਼ਲ ਅਕੈਡਮੀ ਵਿਖੇ ਓਲੰਪੀਅਨ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਐਸ਼ੋਸ਼ੀਏਸ਼ਨ ਦੇ ਨਵੇਂ ਚੁਣੇ ਪ੍ਰਧਾਨ ਅਤੇ ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਨੇ ਕੀਤੀ। ਇਸ ਮੌਕੇ ਸੈਕਟਰੀ ਅਤੇ ਕੋਚ ਜਗਬੀਰ ਸਿੰਘ ਜੌਹਲ ਸਮੇਤ ਐਸ਼ੋਸ਼ੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ 10 ਅਕਤੂਬਰ ਨੂੰ ਅੰਡਰ-14 ਅਤੇ ਅੰਡਰ-16 ਉਮਰ ਵਰਗ ਦੇ ਬੱਚਿਆਂ ਦੇ ਐਥਲੈਟਿਕਸ ਚੋਣ ਟਰਾਇਲ ਅਤੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਟਰਾਇਲਾਂ ਵਿੱਚੋਂ ਚੁਣੇ ਜਾਣ ਵਾਲੇ ਖਿਡਾਰੀ ਨਵੰਬਰ ਮਹੀਨੇ ਦੌਰਾਨ ਹੈਦਰਾਬਾਦ ’ਚ ਹੋਣ ਵਾਲੀ ਨੈਸ਼ਨਲ ਇੰਟਰ-ਡਿਸਟ੍ਰਿਕਟ ਐਥਲੈਟਿਕਸ ਮੀਟ ’ਚ ਜ਼ਿਲ੍ਹਾ ਰੂਪਨਗਰ ਦੀ ਨੁਮਾਇੰਦਗੀ ਕਰਨਗੇ। ਐਸ਼ੋਸ਼ੀਏਸ਼ਨ ਦੇ ਆਗੂਆਂ ਅਨੁਸਾਰ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਹੈਦਰਾਬਾਦ ਵਿਖੇ ਹੋਣ ਵਾਲੀ ਨੈਸ਼ਨਲ ਮੀਟ ਲਈ ਚੁਣੇ ਗਏ ਖਿਡਾਰੀਆਂ ਦੀ ਰਿਹਾਇਸ਼, ਖਾਣ-ਪੀਣ ਅਤੇ ਹੋਰ ਲੋੜੀਂਦੇ ਖਰਚੇ ਮੁਫ਼ਤ ਕੀਤੇ ਜਾਣਗੇ। ਇਸ ਲਈ ਬੱਚਿਆਂ ਨੂੰ ਐਥਲੈਟਿਕਸ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਇਹ ਵਧੀਆ ਮੌਕਾ ਹੈ। ਐਸ਼ੋਸ਼ੀਏਸ਼ਨ ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਪੀ.ਟੀ.ਆਈ., ਡੀ.ਪੀ.ਈ. ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਇਨ੍ਹਾਂ ਮੁਕਾਬਲਿਆਂ ’ਚ ਭਾਗ ਲੈਣ ਲਈ ਪ੍ਰੇਰਿਤ ਕਰਨ। ਆਗੂਆਂ ਨੇ ਕਿਹਾ ਕਿ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਮਾਪਿਆਂ ਦੀ ਹਾਜ਼ਰੀ ਵੀ ਮਹੱਤਵਪੂਰਨ ਹੈ। ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸਾਬਕਾ ਡੀਆਈ ਜੀ ਦਲਜੀਤ ਰਾਣਾ ਨੇ ਕਿਹਾ ਕਿ ਜ਼ਿਲ੍ਹੇ ’ਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਂਝੇ ਯਤਨ ਕੀਤੇ ਜਾਣ ਦੀ ਲੋੜ ਹੈ।