- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੋਧੇਮਾਜਰਾ ਦੇ ਲੋੜਵੰਦ ਪਰਿਵਾਰ ਲਈ ਬਾਬਾ ਅਜੈਬ ਸਿੰਘ ਫੱਕਰ ਨੇ 50 ਹਜ਼ਾਰ ਦੀ ਸਹਾਇਤਾ ਭੇਜੀ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਮਾਜ ਸੇਵਾ ਦੇ ਖੇਤਰ ’ਚ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਉਪਰਾਲੇ ਉਸ ਸਮੇਂ ਹੋਰ ਵੀ ਸਾਰਥਕ ਹੋ ਜਾਂਦੇ ਹਨ, ਜਦੋਂ ਕਿਸੇ ਲੋੜਵੰਦ ਦੇ ਸਿਰ ’ਤੇ ਛੱਤ ਮੁਹੱਈਆ ਕਰਵਾਉਣ ਲਈ ਮਦਦ ਦਾ ਹੱਥ ਅੱਗੇ ਵਧਾਇਆ ਜਾਵੇ। ਇਸੇ ਤਹਿਤ ਪਿੰਡ ਜਟਵਾਹੜ ਦੇ ਜੰਗਲ ’ਚ ਸਥਿਤ ਡੇਰਾ ਮੋਇਆ ਮੰਡੀ-3 ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਫੱਕਰ ਵੱਲੋਂ ਪਿੰਡ ਨੋਧੇਮਾਜਰਾ ਦੇ ਇੱਕ ਗਰੀਬ ’ਤੇ ਲੋੜਵੰਦ ਪਰਿਵਾਰ ਨੂੰ ਮਕਾਨ ਦੀ ਉਸਾਰੀ ਲਈ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਇਹ ਸਹਾਇਤਾ ਰਾਸ਼ੀ ਸੇਵਾਦਾਰਾਂ ਵੱਲੋਂ ਪਿੰਡ ਨੋਧੇਮਾਜਰਾ ਵਿਖੇ ਪਹੁੰਚ ਕੇ ਉਕਤ ਪਰਿਵਾਰ ਨੂੰ ਸੌਂਪੀ ਗਈ। ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਲਈ ਇਹ ਸਹਾਇਤਾ ਉਸ ਵੇਲੇ ਉਮੀਦ ਦੀ ਕਿਰਨ ਬਣ ਕੇ ਆਈ, ਜਦੋਂ ਉਹ ਆਪਣੇ ਸਿਰ ’ਤੇ ਪੱਕੀ ਛੱਤ ਦਾ ਸੁਪਨਾ ਸਾਕਾਰ ਕਰਨ ਲਈ ਯਤਨਸ਼ੀਲ ਸੀ। ਪਰਿਵਾਰਕ ਮੈਂਬਰਾਂ ਨੇ ਬਾਬਾ ਅਜੈਬ ਸਿੰਘ ਫੱਕਰ ਵੱਲੋਂ ਕੀਤੀ ਇਸ ਮਦਦ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਾਬਾ ਅਜੈਬ ਸਿੰਘ ਫੱਕਰ ਨੇ ਕਿਹਾ ਕਿ ਲੋੜਵੰਦ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਧਰਮ ਹੈ। ਸਾਨੂੰ ਆਪਣੀ ਨੇਕ ਕਿਰਤ-ਕਮਾਈ ਵਿੱਚੋਂ ਸਮਰੱਥਾ ਅਨੁਸਾਰ ਹਿੱਸਾ ਕੱਢ ਕੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਮੁਸ਼ਕਲ ’ਚ ਫਸੇ ਪਰਿਵਾਰ ਲਈ ਸਮੇਂ ਸਿਰ ਦਿੱਤਾ ਗਿਆ ਸਹਿਯੋਗ ਉਸ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਲਿਆ ਸਕਦਾ ਹੈ।ਇਸ ਮੌਕੇ ਰਜਿੰਦਰ ਸਿੰਘ ਕੰਗ, ਐੱਸ.ਡੀ.ਓ. ਸਤਵਿੰਦਰ ਸਿੰਘ, ਸਰਪੰਚ ਬਖਤੌਰ ਸਿੰਘ, ਗੁਰਵਿੰਦਰ ਸਿੰਘ ਗਿੱਲ, ਅਮਨਦੀਪ ਸਿੰਘ ਅਬਿਆਣਾ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।