ਗੁਰੂ ਘਰ ਨਤਮਸਤਕ ਹੋਣ ਆਏ ਪਰਿਵਾਰ ਦਾ ਮੋਟਰਸਾਈਕਲ ਚੋਰੀ ਗੁਰੂ ਘਰ ਨਤਮਸਤਕ ਹੋਣ ਆਏ ਪਰਿਵਾਰ ਦਾ ਮੋਟਰਸਾਈਕਲ ਚੋਰੀ
Publish Date: Tue, 06 Oct 2026 06:57 PM (IST)
Updated Date: Tue, 06 Oct 2026 06:59 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਘਰਾਂ ’ਚ ਨਤਮਸਤਕ ਹੋਣ ਲਈ ਪਿੰਡ ਮੱਖ, ਜ਼ਿਲ੍ਹਾ ਮਾਨਸਾ ਤੋਂ ਆਏ ਇੱਕ ਪਰਿਵਾਰ ਦਾ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਅੱਲਾ ਦੱਤ ਪੁੱਤਰ ਬਹਾਰ ਅਲੀ ਨੇ ਦੱਸਿਆ ਕਿ ਉਹ ਆਪਣੇ ਹੀਰੋ ਡੀਲਕਸ ਮੋਟਰਸਾਈਕਲ ਨੰਬਰ ਪੀ.ਬੀ. 31 ਐਕਸ 0907 ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 8:30 ਵਜੇ ਉਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਚਲੇ ਗਏ। ਕਰੀਬ ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦਾ ਮੋਟਰਸਾਈਕਲ ਉੱਥੋਂ ਗਾਇਬ ਸੀ। ਉਨ੍ਹਾਂ ਨੇ ਕਾਫ਼ੀ ਸਮੇਂ ਤੱਕ ਆਪਣੇ ਪੱਧਰ ’ਤੇ ਮੋਟਰਸਾਈਕਲ ਦੀ ਭਾਲ ਕੀਤੀ, ਪਰ ਜਦੋਂ ਕੋਈ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਨੇ ਨੇੜਲੀ ਪੁਲਿਸ ਚੌਕੀ ਵਿਖੇ ਪਹੁੰਚ ਕੇ ਚੋਰੀ ਦੀ ਸੂਚਨਾ ਦਿੱਤੀ। ਪੀੜਤ ਅੱਲਾ ਦੱਤ ਨੇ ਦੱਸਿਆ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਲਿਆਰੇ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕਥਿਤ ਤੌਰ ’ਤੇ ਸਾਫ਼ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਇਹ ਮੋਟਰਸਾਈਕਲ ਕਿਸ਼ਤਾਂ ’ਤੇ ਖਰੀਦਿਆ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੋਟਰਸਾਈਕਲ ਬਰਾਮਦ ਕਰਵਾ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ। ਪਹਿਲਾਂ ਹੋ ਚੁੱਕੀਆਂ ਚੋਰੀਆਂ ਦਾ ਵੀ ਨਹੀਂ ਮਿਲਿਆ ਕੋਈ ਸੁਰਾਗ ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਛਲੇ ਕੁਝ ਮਹੀਨਿਆਂ ਦੌਰਾਨ ਸਕੂਟਰਾਂ ਅਤੇ ਮੋਟਰਸਾਈਕਲਾਂ ਦੀਆਂ ਦਰਜਨਾਂ ਚੋਰੀਆਂ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਪੀੜਤਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਕਈ ਮਾਮਲਿਆਂ ’ਚ ਅਜੇ ਤੱਕ ਕੋਈ ਠੋਸ ਸੁਰਾਗ ਸਾਹਮਣੇ ਨਹੀਂ ਆਇਆ। ਦੋਪਹੀਆ ਵਾਹਨਾਂ ਦੀਆਂ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਸ਼ਹਿਰ ਵਾਸੀਆਂ ਅਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ’ਚ ਵੀ ਚਿੰਤਾ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੈਪਸ਼ਨ: ਮੋਟਰਸਾਈਕਲ ਚੋਰੀ ਹੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਲਾ ਦੱਤ ਅਤੇ ਉਨ੍ਹਾਂ ਦੀ ਧਰਮ ਪਤਨੀ।