ਖਜਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਧਰਮ ਪ੍ਰਚਾਰ ਲਈ ਨਿਭਾਅ ਰਿਹੈ ਅਹਿਮ ਭੂਮਿਕਾ ਬੀਬੀ ਸਰਬਜੀਤ ਕੌਰ ਖਾਲਸਾ ਦੀ ਅਗਵਾਈ ਹੇਠ ਖਜਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਧਰਮ ਪ੍ਰਚਾਰ ਲਈ ਨਿਭਾਅ ਰਿਹੈ ਅਹਿਮ ਭੂਮਿਕਾ
Publish Date: Tue, 06 Oct 2026 06:10 PM (IST)
Updated Date: Tue, 06 Oct 2026 06:11 PM (IST)
ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਦੇ ਰਿਹੈ ਸੰਦੇਸ਼ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਸੰਗਤਾਂ ਨੂੰ ਆਪਣੇ ਮਹਾਨ ਇਤਿਹਾਸ, ਗੁਰਮਤਿ ਵਿਚਾਰਧਾਰਾ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਲਈ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਧਾਰਮਿਕ ਜੱਥਿਆਂ ਵੱਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸੇ ਧਰਮ ਪ੍ਰਚਾਰ ਲਹਿਰ ਨਾਲ ਜੁੜ ਕੇ ਬੀਬੀ ਸਰਬਜੀਤ ਕੌਰ ਖਾਲਸਾ ਦੀ ਅਗਵਾਈ ਹੇਠ ਖਜਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਵੀ ਲੰਮੇ ਸਮੇਂ ਤੋਂ ਧਰਮ ਪ੍ਰਚਾਰ ਦੀ ਸੇਵਾ ’ਚ ਆਪਣਾ ਯੋਗਦਾਨ ਪਾ ਰਿਹਾ ਹੈ। ਜੱਥੇ ਵੱਲੋਂ ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਬੀਬੀ ਸਰਬਜੀਤ ਕੌਰ ਖਾਲਸਾ ਦੀ ਅਗਵਾਈ ਹੇਠ ਇਹ ਜੱਥਾ ਵੱਖ-ਵੱਖ ਧਾਰਮਿਕ ਸਮਾਗਮਾਂ, ਗੁਰਮਤਿ ਸਮਾਗਮਾਂ ਅਤੇ ਗੁਰਦੁਆਰਾ ਸਾਹਿਬਾਨ ਵਿਖੇ ਹਾਜ਼ਰੀ ਭਰ ਕੇ ਢਾਡੀ ਵਾਰਾਂ ਰਾਹੀਂ ਗੁਰੂ ਸਾਹਿਬਾਨ ਦੇ ਜੀਵਨ, ਸਿੱਖ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪ੍ਰਸੰਗ ਸੰਗਤਾਂ ਤੱਕ ਪਹੁੰਚਾ ਰਿਹਾ ਹੈ। ਢਾਡੀ ਵਾਰਾਂ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਸੰਗਤਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦਾ ਪੁਰਾਤਨ ਤੇ ਮਹੱਤਵਪੂਰਨ ਮਾਧਿਅਮ ਰਹੀਆਂ ਹਨ। ਜੱਥੇ ’ਚ ਬੀਬੀ ਜਸਵਿੰਦਰ ਕੌਰ ਖਾਲਸਾ ਸ਼੍ਰੀ ਆਨੰਦਪੁਰ ਸਾਹਿਬ, ਬੀਬੀ ਮਨਜੀਤ ਕੌਰ ਖਾਲਸਾ ਹੁਸ਼ਿਆਰਪੁਰ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ, ਜਦਕਿ ਸਾਰੰਗੀ ਮਾਸਟਰ ਆਕਾਸ਼ਦੀਪ ਸਿੰਘ ਵੀ ਜੱਥੇ ਨਾਲ ਸਾਰੰਗੀ ਵਾਦਨ ਰਾਹੀਂ ਆਪਣੀ ਸੇਵਾ ਨਿਭਾਅ ਰਹੇ ਹਨ। ਬੀਬੀ ਸਰਬਜੀਤ ਕੌਰ ਖਾਲਸਾ ਦੀ ਅਗਵਾਈ ਹੇਠ ਖਜਾਲੇ ਵਾਲੀਆਂ ਬੀਬੀਆਂ ਦਾ ਇਹ ਢਾਡੀ ਜੱਥਾ ਸਿੱਖ ਵਿਰਸੇ ਦੀ ਸੰਭਾਲ, ਧਰਮ ਪ੍ਰਚਾਰ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਦੇ ਕਾਰਜ ਨੂੰ ਨਿਰੰਤਰ ਅੱਗੇ ਵਧਾ ਰਿਹਾ ਹੈ।