ਈਆਰਪੀ ਸਿਸਟਮ ਖ਼ਿਲਾਫ਼ ਪੀਏਸੀਐੱਸ ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ ਈ.ਆਰ.ਪੀ. ਸਿਸਟਮ ਖ਼ਿਲਾਫ਼ ਪੀ.ਏ.ਸੀ.ਐੱਸ. ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ
Publish Date: Tue, 06 Oct 2026 05:53 PM (IST)
Updated Date: Tue, 06 Oct 2026 05:56 PM (IST)
ਡਿਪਟੀ ਰਜਿਸਟਰਾਰ ਨੂੰ ਸੌਂਪਿਆ ਮੰਗ ਪੱਤਰ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ’ਚ ਲਾਗੂ ਕੀਤੇ ਗਏ ਈਆਰਪੀ ਕੰਪਿਊਟਰੀਕਰਨ ਸਿਸਟਮ ਦੀਆਂ ਲਗਾਤਾਰ ਆ ਰਹੀਆਂ ਤਕਨੀਕੀ ਖਾਮੀਆਂ ਅਤੇ ਵਿਭਾਗੀ ਧੱਕੇਸ਼ਾਹੀ ਖ਼ਿਲਾਫ਼ ਰੂਪਨਗਰ ਵਿਖੇ ਕਰਮਚਾਰੀਆਂ ਦਾ ਰੋਸ ਹੁਣ ਇੱਕ ਵੱਡੇ ਸੰਘਰਸ਼ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸੇਵਾ ਸਭਾਵਾਂ ਕਰਮਚਾਰੀ ਯੂਨੀਅਨ, ਜ਼ਿਲ੍ਹਾ ਰੂਪਨਗਰ ਦੀ ਅਗਵਾਈ ਹੇਠ ਇਕੱਠੇ ਹੋਏ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਰੂਪਨਗਰ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਆਰ-ਪਾਰ ਦੀ ਲੜਾਈ ਲੜਨ ਦਾ ਹੋਕਾ ਦਿੱਤਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਬਲੂ ਸਿੰਘ ਰਾਣਾ ਕੀਰਤਪੁਰ ਸਾਹਿਬ,ਸੁਖਵਿੰਦਰ ਸਿੰਘ ਸੁੱਖਾ ਸਰਥਲੀ (ਮੀਤ ਪ੍ਰਧਾਨ) ਨੇ ਜਾਣਕਾਰੀ ਦਿੱਤੀ ਕਿ ਯੂਨੀਅਨ ਦੇ ਉੱਚ ਆਗੂਆਂ ਨੇ ਵਿਭਾਗ ਅਤੇ ਸਰਕਾਰ ਖ਼ਿਲਾਫ਼ ਈਆਰਪੀ ਸਾਫਟਵੇਅਰ ਦੇ ਲਾਗੂ ਕਰਨ ਖਿਲਾਫ ਰੋਸ ਜ਼ਾਹਰ ਕੀਤਾ। ਉਨ੍ਹਾਂ ਦੱਸਿਆ ਕਿ ਬਿਨਾਂ ਪੂਰੀ ਤਿਆਰੀ ਦੇ ਲਾਗੂ ਕੀਤਾ ਗਿਆ ਈਆਰਪੀ ਸਾਫਟਵੇਅਰ ਕਰਮਚਾਰੀਆਂ ਲਈ ਜੀਅ ਦਾ ਜੰਜਾਲ ਬਣ ਚੁੱਕਾ ਹੈ, ਕਿਉਂਕਿ ਸਾਫਟਵੇਅਰ ’ਚ ਰੋਜ਼ਾਨਾ ਆ ਰਹੀਆਂ ਗੰਭੀਰ ਤਕਨੀਕੀ ਖਾਮੀਆਂ ਕਾਰਨ ਸਭਾਵਾਂ ਦਾ ਰੋਜ਼ਾਨਾ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ ਅਤੇ ਇਸ ਨੁਕਸਦਾਰ ਸਿਸਟਮ ’ਤੇ ਕੰਮ ਕਰਨ ਦਾ ਅਸੰਭਵ ਦਬਾਅ ਪਾ ਕੇ ਕਰਮਚਾਰੀਆਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਅਧੂਰੇ ਸਿਸਟਮ ਕਾਰਨ ਭਵਿੱਖ ’ਚ ਕੋਈ ਵੀ ਵਿੱਤੀ ਬੇਨਿਯਮੀ ਜਾਂ ਡਾਟਾ ਗੜਬੜ ਹੁੰਦੀ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਵਿਭਾਗ ਅਤੇ ਸੋਫਟਵੇਅਰ ਬਣਾਉਣ ਵਾਲੀ ਕੰਪਨੀ ਦੀ ਹੋਵੇਗੀ, ਨਾ ਕਿ ਕਿਸੇ ਕਰਮਚਾਰੀ ਦੀ। ਇਸ ਦੌਰਾਨ ਸੰਘਰਸ਼ੀ ਕਮੇਟੀ ਵੱਲੋਂ ਮੰਗ ਕੀਤੀ ਗਈ ਕਿ ਸਿਸਟਮ ’ਚ ਆ ਰਹੀਆਂ ਸਾਰੀਆਂ ਤਕਨੀਕੀ ਤਰੁੱਟੀਆਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕੀਤਾ ਜਾਵੇ, ਅਧੂਰੇ ਸਾਫਟਵੇਅਰ ’ਤੇ ਕੰਮ ਕਰਨ ਲਈ ਕਰਮਚਾਰੀਆਂ ’ਤੇ ਪਾਇਆ ਜਾ ਰਿਹਾ ਅਨਿਆਪੂਰਨ ਦਬਾਅ ਤੁਰੰਤ ਬੰਦ ਹੋਵੇ, ਅਤੇ ਤਕਨੀਕੀ ਖਾਮੀਆਂ ਕਾਰਨ ਹੋਣ ਵਾਲੀਆਂ ਅੰਕੜਾਗਤ ਜਾਂ ਵਿੱਤੀ ਗਲਤੀਆਂ ਲਈ ਕਰਮਚਾਰੀਆਂ ’ਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਜੇਕਰ ਡਿਪਟੀ ਰਜਿਸਟਰਾਰ ਅਤੇ ਵਿਭਾਗੀ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਮੰਗਾਂ ਦਾ ਜਲਦ ਤੋਂ ਜਲਦ ਠੋਸ ਹੱਲ ਨਾ ਕੀਤਾ ਗਿਆ, ਤਾਂ ਕਰਮਚਾਰੀ ਯੂਨੀਅਨ ਆਪਣੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਪ੍ਰਸ਼ਾਸਨ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਦਲਜੀਤ ਸਿੰਘ ਨੰਗਲ ਅਬਿਆਣਾ (ਸਟੇਟ ਡੈਲੀਗੇਟ), ਜਪਨੀਤ ਸਿੰਘ (ਸਟੇਟ ਡੈਲੀਗੇਟ), ਜਸਵਿੰਦਰ ਸਿੰਘ ਸੰਧੂਆਂ (ਜਨਰਲ ਸੈਕਟਰੀ ਰੋਪੜ), ਤਰਨਜੀਤ ਸਿੰਘ (ਬਲਾਕ ਪ੍ਰਧਾਨ), ਹਰਮਨਜੀਤ ਸਿੰਘ (ਬਲਾਕ ਪ੍ਰਧਾਨ), ਤਜਿੰਦਰ ਸਿੰਘ (ਬਲਾਕ ਪ੍ਰਧਾਨ), ਕੁਲਵੰਤ ਸਿੰਘ (ਬਲਾਕ ਪ੍ਰਧਾਨ), ਚੰਨਣ ਸਿੰਘ ਚੰਡੇਸਾਰ (ਜ਼ਿਲ੍ਹਾ ਡੈਲੀਗੇਟ), ਰਜੀਵ ਭੱਲਾ ਭਰਤਗੜ੍ਹ, ਭਾਨ ਸਿੰਘ , ਯਾਦਵਿੰਦਰ ਸਿੰਘ ਜਾਦੂ, ਜਸਵਿੰਦਰ ਸਿੰਘ ਜੱਸੀ ਬਜਰੂੜ, ਗੁਰਵਿੰਦਰ ਸਿੰਘ ਟਿੱਬਾ ਟੱਪਰੀਆਂ, ਦਵਿੰਦਰ ਸਿੰਘ ਬੈਂਸ ਨੀਲਾ, ਕੁਲਵੰਤ ਸਿੰਘ ਬੜਵਾ ਅਤੇ ਹਰਜਿੰਦਰ ਸਿੰਘ ਢੰਘਰਾਲੀ ਸਮੇਤ ਭਾਰੀ ਗਿਣਤੀ ’ਚ ਯੂਨੀਅਨ ਆਗੂ ਤੇ ਕਰਮਚਾਰੀ ਹਾਜ਼ਰ ਸਨ।